ਮੱਛਰਾਂ ਦਾ ਕਹਿਰ ਸਾਲ ‘ਚ ਲਗਪਗ 8 ਮਹੀਨਿਆਂ ਤੱਕ ਰਹਿੰਦਾ ਹੈ। ਨਾ ਤਾਂ ਇਹ ਆਰਾਮ ਨਾਲ ਸੌਣ ਦਿੰਦੇ ਹਨ ਤੇ ਨਾ ਹੀ ਪਾਰਕਾਂ ਵਰਗੀਆਂ ਆਰਾਮਦਾਇਕ ਥਾਵਾਂ ‘ਤੇ ਬੈਠਣ ਦਿੰਦੇ ਹਨ। ਮੱਛਰ ਨਾ ਸਿਰਫ਼ ਸ਼ਾਮ ਤੇ ਰਾਤ ਨੂੰ, ਸਗੋਂ ਦਿਨ ਵੇਲੇ ਵੀ ਪ੍ਰੇਸ਼ਾਨ ਕਰਦੇ ਹਨ। ਅਜਿਹੀ ਸਥਿਤੀ ‘ਚ ਕੀ ਕੀਤਾ ਜਾਵੇ ਤਾਂ ਜੋ ਉਹ ਤੁਹਾਡੇ ਤੋਂ ਦੂਰ ਰਹਿਣ ਤੇ ਅਸੀਂ ਇਸ ਭੱਜ-ਦੌੜ ਦੀ ਜ਼ਿੰਦਗੀ ‘ਚ ਸੁੱਖ ਦਾ ਸਾਹ ਲੈ ਸਕੀਏ? ਅੱਜ ਅਸੀਂ ਇੱਥੇ ਇਸ ਸਵਾਲ ਦੇ ਕੁਝ ਬਹੁਤ ਹੀ ਆਸਾਨ ਤੇ ਦਿਲਚਸਪ ਜਵਾਬ ਲੈ ਕੇ ਆਏ ਹਾਂ। ਇਹ ਤਰੀਕੇ ਪੂਰੀ ਤਰ੍ਹਾਂ ਹਰਬਲ ਤੇ ਸਕਿੱਨ ਫ਼ਰੈਂਡਲੀ ਹਨ। ਇਸ ਤਰੀਕੇ ਨੂੰ ਅਪਣਾਉਣ ਨਾਲ ਸਾਹ ਦੀ ਕੋਈ ਸਮੱਸਿਆ ਨਹੀਂ ਹੋਵੇਗੀ।
ਸਭ ਤੋਂ ਜ਼ਰੂਰੀ ਕੰਮ- ਆਮ ਤੌਰ ‘ਤੇ ਸਾਡੇ ਵਿੱਚੋਂ ਜ਼ਿਆਦਾਤਰ ਲੋਕ ਇਹੀ ਸੋਚਦੇ ਹਨ ਕਿ ਮੱਛਰ ਲਾਈਟ ਨੂੰ ਵੇਖ ਕੇ ਆਕਰਸ਼ਿਤ ਹੁੰਦੇ ਹਨ ਤੇ ਇਸ ਲਈ ਅਸੀਂ ਰਾਤ ਨੂੰ ਬੈੱਡਰੂਮ ਦੀਆਂ ਲਾਈਟਾਂ ਨੂੰ ਚਾਲੂ ਕਰਨਾ ਪਸੰਦ ਨਹੀਂ ਕਰਦੇ ਹਾਂ, ਤਾਂ ਜੋ ਮੱਛਰ ਕਮਰੇ ਤੋਂ ਦੂਰ ਰਹਿਣ। ਪਰ ਫਿਰ ਵੀ ਜਦੋਂ ਅਸੀਂ ਸੌਂਦੇ ਹਾਂ ਤਾਂ ਲੱਗਦਾ ਹੈ ਜਿਵੇਂ ਸਾਰੇ ਇਲਾਕੇ ਦੇ ਮੱਛਰ ਸਾਡੇ ਕਮਰੇ ‘ਚ ਆ ਗਏ ਹੋਣ!
ਦਰਅਸਲ, ਮੱਛਰ ਲਾਈਟ ਤੋਂ ਜਿੰਨਾ ਆਕਰਸ਼ਿਤ ਹੁੰਦੇ ਹਨ, ਉਸ ਨਾਲੋਂ ਕਿਤੇ ਵੱਧ ਸਾਡੇ ਸਰੀਰ ਦੀ ਬਦਬੂ ਵੱਲ ਆਕਰਸ਼ਿਤ ਹੁੰਦੇ ਹਨ। ਇਹੀ ਕਾਰਨ ਹੈ ਕਿ ਅਸੀਂ ਹਨੇਰੇ ‘ਚ ਸੌਂਦੇ ਹਾਂ, ਫਿਰ ਵੀ ਮੱਛਰ ਸਾਨੂੰ ਲੱਭ ਲੈਂਦੇ ਹਨ। ਉਹ ਸਰੀਰ ਦੀ ਗਰਮੀ ਤੇ ਗੰਧ ਤੋਂ ਆਕਰਸ਼ਿਤ ਹੁੰਦੇ ਹਨ। ਇਸ ਲਈ ਸਿਰਫ਼ ਜਗੀ ਹੋਈ ਲਾਈਟ ਤੇ ਖੁੱਲ੍ਹੇ ਦਰਵਾਜ਼ਿਆਂ ਨੂੰ ਦੋਸ਼ੀ ਨਹੀਂ ਠਹਿਰਾਇਆ ਜਾਣਾ ਚਾਹੀਦਾ ਹੈ।
ਇਨ੍ਹਾਂ ਖੁਸ਼ਬੂਆਂ ਤੋਂ ਦੂਰ ਰਹਿੰਦੇ ਮੱਛਰ- ਦੋ ਖ਼ਾਸ ਕਿਸਮਾਂ ਦੀਆਂ ਖੁਸ਼ਬੂਆਂ, ਜੋ ਮਨੁੱਖਾਂ ਨੂੰ ਬਹੁਤ ਆਕਰਸ਼ਕ ਲੱਗਦੀਆਂ ਹਨ ਤੇ ਮੱਛਰਾਂ ਲਈ ਬਹੁਤ ਭਿਆਨਕ ਹੁੰਦੀਆਂ ਹਨ। ਇਨ੍ਹਾਂ ਦੇ ਨਾਮ ਹਨ ਨਿੰਬੂ ਦੀ ਖੁਸ਼ਬੂ ਤੇ ਲੈਵੈਂਡਰ ਦੀ ਖੁਸ਼ਬੂ ਹਨ। ਤੁਸੀਂ ਆਪਣੇ ਬੈੱਡਰੂਮ ਤੋਂ ਮੱਛਰਾਂ ਨੂੰ ਭਜਾਉਣ ਲਈ ਇਨ੍ਹਾਂ ਦੋਵਾਂ ਖੁਸ਼ਬੂਆਂ ਦੀ ਵਰਤੋਂ ਕਰ ਸਕਦੇ ਹੋ।
ਤੁਸੀਂ ਇਨ੍ਹਾਂ ਖੁਸ਼ਬੂਆਂ ਦਾ ਅਸੈਂਸ਼ੀਅਲ ਆਇਲ ਖਰੀਦ ਸਕਦੇ ਹੋ ਤੇ ਆਇਲ ਡਿਫਿਊਜ਼ਰ ਦੀ ਮਦਦ ਨਾਲ ਇਨ੍ਹਾਂ ਦੀ ਖੁਸ਼ਬੂ ਨਾਲ ਆਪਣੇ ਘਰ ਨੂੰ ਮਹਿਕਾ ਸਕਦੇ ਹੋ। ਘਰ ਦਾ ਵਾਤਾਵਰਣ ਵੀ ਸ਼ੁੱਧ ਰਹੇਗਾ ਤੇ ਮੱਛਰ ਵੀ ਨਹੀਂ ਕੱਟਣਗੇ।ਜੇਕਰ ਤੁਸੀਂ ਪਾਰਕ ‘ਚ ਬੈਠੇ ਹੋ ਤਾਂ ਤੁਸੀਂ ਇਨ੍ਹਾਂ ਖੁਸ਼ਬੂਆਂ ਦਾ ਛਿੜਕਾਅ ਕਰ ਸਕਦੇ ਹੋ ਜਾਂ ਫਿਰ ਤੁਸੀਂ ਆਪਣੇ ਹੈਂਕੀ ‘ਤੇ ਇਸ ਪਰਫਿਊਮ ਨੂੰ ਲਗਾ ਕੇ ਆਰਾਮ ਨਾਲ ਬੈਠ ਸਕਦੇ ਹੋ। ਇਕ ਹੋਰ ਆਸਾਨ ਤਰੀਕਾ ਹੈ ਕਿ ਇਨ੍ਹਾਂ ਖੁਸ਼ਬੂਆਂ ‘ਚ ਉਪਲੱਬਧ ਮੋਮਬੱਤੀਆਂ ਨੂੰ ਆਪਣੇ ਕੋਲ ਰੱਖੋ। ਬੈੱਡਰੂਮ ‘ਚ ਵੀ ਮੋਮਬੱਤੀ ਜਗਾਉਣ ਦਾ ਤਰੀਕਾ ਬਹੁਤ ਕੰਮ ਆਵੇਗਾ।
ਰਸੋਈ ਦੇ ਮਸਾਲੇ- ਮੱਛਰਾਂ ਨੂੰ ਰਸੋਈ ‘ਚ ਵਰਤੇ ਜਾਣ ਵਾਲੇ ਦੋ ਮਸਾਲਿਆਂ ਦੀ ਖੁਸ਼ਬੂ ਬਿਲਕੁਲ ਪਸੰਦ ਨਹੀਂ ਹੁੰਦੀ। ਪਹਿਲਾ ਹੈ ਅਦਰਕ ਤੇ ਦੂਜਾ ਲੌਂਗ। ਤੁਸੀਂ ਲੌਂਗ ਨੂੰ ਪਾਣੀ ‘ਚ ਭਿਓ ਸਕਦੇ ਹੋ ਤੇ ਇਸ ਨੂੰ ਆਪਣੇ ਕਮਰੇ ਜਾਂ ਪਾਰਕ ‘ਚ ਆਪਣੇ ਨੇੜੇ ਰੱਖ ਸਕਦੇ ਹੋ। ਧਿਆਨ ਰੱਖੋ ਕਿ ਲੌਂਗ ਤਾਜ਼ੀ ਤੇ ਖੁਸ਼ਬੂਦਾਰ ਹੋਣੀ ਚਾਹੀਦੀ ਹੈ। ਪੁਰਾਣੀ ਤੇ ਸਾਲਾਂ ਤੋਂ ਸਟੋਰ ਕੀਤੀ ਹੋਈ ਨਹੀਂ ਹੋਣੀ ਚਾਹੀਦੀ।ਤੁਸੀਂ ਅਦਰਕ ਨੂੰ ਚਬਾ ਸਕਦੇ ਹੋ ਜਾਂ ਇਸ ਨੂੰ ਪੀਸ ਕੇ ਆਪਣੇ ਆਲੇ-ਦੁਆਲੇ ਰੱਖ ਸਕਦੇ ਹੋ। ਇਸ ਦੀ ਖੁਸ਼ਬੂ ਨਾਲ ਵੀ ਮੱਛਰ ਤੁਹਾਡੇ ਤੋਂ ਦੂਰ ਰਹਿਣਗੇ।
ਡ੍ਰਾਇਅਰ ਸ਼ੀਟ ਦਾ ਕਮਾਲ- ਡ੍ਰਾਇਅਰ ਸ਼ੀਟ ਦੀ ਵਰਤੋਂ ਘਰ ‘ਚ ਕਈ ਤਰੀਕਿਆਂ ਨਾਲ ਕੀਤੀ ਜਾਂਦੀ ਹੈ। ਅਲਮਾਰੀ ‘ਚ ਰੱਖੇ ਕੱਪੜਿਆਂ ਨੂੰ ਬਦਬੂ ਤੋਂ ਮੁਕਤ ਰੱਖਣ ਤੋਂ ਲੈ ਕੇ ਕੱਪੜੇ ਧੋਣ ਵੇਲੇ ਇਨ੍ਹਾਂ ਸ਼ੀਟਸ ਨੂੰ ਵਾਸ਼ਿੰਗ ਮਸ਼ੀਨ ‘ਚ ਪਾ ਦਿੱਤਾ ਜਾਂਦਾ ਹੈ, ਤਾਂ ਜੋ ਕਪੜਿਆਂ ‘ਚੋਂ ਹਲਕੀ-ਹਲਕੀ ਸੈਂਟ ਦੀ ਖੁਸ਼ਬੂ ਆਉਂਦੀ ਰਹੇ।ਪਾਰਕ ਜਾਂ ਬਗੀਚੇ ‘ਚ ਬੈਠਣ ਵੇਲੇ ਆਪਣੀ ਬੈਲਟ, ਜੇਬ ਜਾਂ ਗੁੱਟ ‘ਤੇ ਡ੍ਰਾਇਅਰ ਸ਼ੀਟ ਟੰਗ ਲਓ। ਇਸ ਦੀ ਖੁਸ਼ਬੂ ਨਾਲ ਵੀ ਮੱਛਰ ਤੁਹਾਡੇ ਤੋਂ ਦੂਰ ਰਹਿਣਗੇ।