ਹੁਣੇ ਹੁਣੇ ਪੰਜਾਬ ਚ’ ਆਈ 3 ਦਿਨ ਭਾਰੀ ਮੀਂਹ ਪੈਣ ਦੀ ਚੇਤਾਵਨੀਂ-ਦੇਖੋ ਪੂਰੀ ਜਾਣਕਾਰੀ

ਪੰਜਾਬ ਵਿਚ ਮੰਗਲਵਾਰ ਭਾਵ ਅੱਜ ਤੋਂ ਮੌਸਮ ਦਾ ਮਿਜ਼ਾਜ ਪੂਰੀ ਤਰ੍ਹਾਂ ਬਦਲ ਗਿਆ ਹੈ। ਮੰਗਲਵਾਰ ਸਵੇਰੇ ਜਲੰਧਰ ਸਮੇਤ ਪੰਜਾਬ ਦੇ ਕਈ ਸ਼ਹਿਰਾਂ ਵਿਚ ਭਾਰੀ ਬਾਰਸ਼ ਦੇ ਨਾਲ ਸ਼ੁਰੂਆਤ ਹੋਈ। ਇਸ ਕਾਰਨ ਲੋਕਾਂ ਨੂੰ ਦਿਨ ਭਰ ਗਰਮੀ ਤੋਂ ਰਾਹਤ ਮਿਲੇਗੀ ਅਤੇ ਤਾਪਮਾਨ ਵੀ ਘੱਟ ਜਾਵੇਗਾ। ਮੌਸਮ ਵਿਭਾਗ ਦੇ ਅਨੁਸਾਰ ਮੌਨਸੂਨ ਪੂਰੇ ਹਫਤੇ ਤਕ ਰਹਿਣਗੇ। ਰੁਕ-ਰੁਕ ਕੇ ਹਲਕੀ ਬੂੰਦ ਪੈਣ ਨਾਲ ਮੌਸਮ ਸੁਹਾਵਣਾ ਰਹੇਗਾ।

ਇਸ ਨਾਲ ਹਵਾ ਵਿਚ ਨਮੀ ਵੀ ਵਧੇਗੀ। ਦੂਜੇ ਪਾਸੇ ਮੌਸਮ ਵਿਭਾਗ ਦੀ ਭਵਿੱਖਬਾਣੀ ਅਨੁਸਾਰ ਇਸ ਹਫ਼ਤੇ ਦੇ ਜ਼ਿਆਦਾਤਰ ਦਿਨਾਂ ਵਿੱਚ ਮੀਂਹ ਪੈਣਗੇ। ਇਸ ਸਮੇਂ ਦੌਰਾਨ, ਲੋਕਾਂ ਨੂੰ ਗਰਮੀ, ਨਮੀ ਅਤੇ ਗਰਮੀ ਦੇ ਕ੍ਰੋਧ ਤੋਂ ਨਾ ਸਿਰਫ ਰਾਹਤ ਮਿਲੇਗੀ, ਨਾਲ ਹੀ ਤਾਪਮਾਨ ਵਿਚ ਇਕ ਗਿਰਾਵਟ ਵੀ ਆਵੇਗੀ। ਮੌਸਮ ਵਿਭਾਗ ਚੰਡੀਗੜ੍ਹ ਅਨੁਸਾਰ ਮੰਗਲਵਾਰ ਤੋਂ ਮੌਨਸੂਨ ਪੂਰੀ ਤਰ੍ਹਾਂ ਸਰਗਰਮ ਹੋ ਰਿਹਾ ਹੈ ਤੇ ਇਹ ਤਿੰਨ ਤੋਂ ਚਾਰ ਦਿਨ ਤਕ ਸਰਗਰਮ ਰਹੇਗਾ। ਵਿਭਾਗ ਦੀ ਪੇਸ਼ੀਨਗੋਈ ਅਨੁਸਾਰ ਗੁਰਦਾਸਪੁਰ, ਪਠਾਨਕੋਟ, ਅੰਮ੍ਰਿਤਸਰ, ਕਪੂਰਥਲਾ, ਜਲੰਧਰ, ਨਵਾਂਸ਼ਹਿਰ, ਰੋਪੜ, ਫ਼ਤਹਿਗੜ੍ਹ ਸਾਹਿਬ ਤੇ ਮੋਹਾਲੀ ਵਿਚ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।

ਇਨ੍ਹਾਂ ਜ਼ਿਲ੍ਹਿਆਂ ਵਿਚ ਬਾਰਿਸ਼ ਦੌਰਾਨ ਤੇਜ਼ ਹਵਾਵਾਂ ਵੀ ਚੱਲ ਸਕਦੀਆਂ ਹਨ ਜਿਨ੍ਹਾਂ ਦੀ ਰਫ਼ਤਾਰ 30 ਤੋਂ 40 ਕਿਲੋਮੀਟਰ ਪ੍ਰਤੀ ਘੰਟਾ ਰਹਿ ਸਕਦੀ ਹੈ। ਲੁਧਿਆਣਾ, ਪਟਿਆਲਾ ਤੇ ਚੰਡੀਗੜ੍ਹ ਵਿਚ ਵੀ ਠੀਕ-ਠਾਕ ਬਾਰਿਸ਼ ਹੋਵੇਗੀ। ਉਧਰ ਬਠਿੰਡਾ, ਫਿਰੋਜ਼ਪੁਰ ’ਚ ਦਰਮਿਆਨੀ ਬਾਰਿਸ਼ ਹੋ ਸਕਦੀ ਹੈ। ਮੌਸਮ ਵਿਭਾਗ ਅਨੁਸਾਰ ਭਾਰੀ ਬਾਰਿਸ਼ ਦੌਰਾਨ ਕਈ ਥਾਵਾਂ ’ਤੇ ਬਿਜਲੀ ਵੀ ਡਿੱਗ ਸਕਦੀ ਹੈ। ਦੂਜੇ ਪਾਸੇ ਸੋਮਵਾਰ ਨੂੰ ਵੀ ਪੰਜਾਬ ਦੇ ਕਈ ਜ਼ਿਲ੍ਹਿਆਂ ਵਿਚ ਹਲਕੀ ਬਾਰਿਸ਼ ਹੋਈ। ਲੁਧਿਆਣੇ ਵਿਚ ਸਵੇਰ ਤੋਂ ਲੈ ਕੇ ਦੁਪਹਿਰ ਤਕ ਬੂੰਦਾਬਾਂਦੀ ਹੋਈ ਜਦਕਿ ਚੰਡੀਗੜ੍ਹ ਵਿਚ ਵੀ 19 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ। ਉਧਰ ਕਈ ਜ਼ਿਲ੍ਹਿਆਂ ਵਿਚ ਦਿਨੇ ਬੱਦਲਾਂ ਤੇ ਸੂਰਜ ਵਿਚਾਲੇ ਲੁਕਣਮੀਟੀ ਚੱਲਦੀ ਰਹੀ।

ਕਿਸਾਨਾਂ ਨੂੰ ਕੀਤਾ ਸੁਚੇਤ – ਉਧਰ ਪੀਏਯੂ ਦੀ ਮੌਸਮ ਵਿਗਿਆਨੀ ਡਾ. ਕੇਕੇ ਗਿੱਲ ਨੇ ਕਿਸਾਨਾਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਤਿੰਨ ਦਿਨ ਤਕ ਬਾਰਿਸ਼ ਦੀ ਸੰਭਾਵਨਾ ਦੇ ਮੱਦੇਨਜ਼ਰ ਕਿਸਾਨ ਆਪਣੀਆਂ ਫ਼ਸਲਾਂ ’ਤੇ ਕਿਸੇ ਵੀ ਤਰ੍ਹਾਂ ਦਾ ਛਿੜਕਾਅ ਨਾ ਕਰਨ। ਇਸ ਸਮੇਂ ਕਈ ਕਿਸਾਨ ਝੋਨੇ ਤੇ ਨਰਮੇ ਦੇ ਕੀਟਾਂ ਤੋਂ ਬਚਣ ਲਈ ਛਿੜਕਾਅ ਕਰਦੇ ਹਨ। ਡਾ. ਗਿੱਲ ਨੇ ਕਿਹਾ ਕਿ ਕਿਸਾਨ ਜੇ ਛਿੜਕਾਅ ਕਰਦੇ ਹਨ ਤੇ ਫਿਰ ਬਾਰਿਸ਼ ਹੋ ਜਾਂਦੀ ਹੈ ਤਾਂ ਛਿੜਕਾਅ ਤੋਂ ਫ਼ਸਲ ਨੂੰ ਕੋਈ ਬਹੁਤਾ ਫ਼ਾਇਦਾ ਨਹੀਂ ਹੁੰਦਾ। ਜਦਕਿ ਬਾਰਿਸ਼ ਹੋਣ ਨਾਲ ਫ਼ਸਲ ਨੂੰ ਨੁਕਸਾਨ ਪਹੁੰਚਾਉਣ ਵਾਲੇ ਕੀਟ ਖ਼ੁਦ ਹੀ ਝੜ ਕੇ ਹੇਠਾਂ ਡਿੱਗ ਜਾਂਦੇ ਹਨ। ਇਸ ਦੇ ਨਾਲ ਹੀ ਹੁਣ ਤੋਂ ਹੀ ਖੇਤਾਂ ਵਿਚ ਪਾਣੀ ਦੀ ਨਿਕਾਸੀ ਦੇ ਪ੍ਰਬੰਧ ਕਰਕੇ ਰੱਖੋ। ਕਿਸੇ ਵੀ ਫ਼ਸਲ ਵਿਚ ਜ਼ਿਆਦਾ ਪਾਣੀ ਜਮ੍ਹਾਂ ਨਾ ਹੋਣ ਦੇਣ। ਇਸ ਨਾਲ ਫ਼ਸਲ ਖ਼ਰਾਬ ਹੋ ਸਕਦੀ ਹੈ।

ਜਲਾਲੀਆ ਦਰਿਆ ’ਚ ਹੜ੍ਹ,ਪਠਾਨਕੋਟ : ਸਰਹੱਦੀ ਖੇਤਰ ਵਿਚ ਵਗਣ ਵਾਲਾ ਜਲਾਲੀਆ ਦਰਿਆ ਸੋਮਵਾਰ ਨੂੰ ਪਹਾੜੀ ਇਲਾਕਿਆਂ ਵਿਚ ਹੋਈ ਭਾਰੀ ਬਾਰਿਸ਼ ਕਾਰਨ ਨੱਕੋ-ਨੱਕ ਭਰ ਗਿਆ। ਪਿੰਡ ਮਸਤਪੁਰ ਤੋਂ ਇਸ ਦਰਿਆ ਵਿਚ ਚਲਾਈ ਜਾਣ ਵਾਲੀ ਬੇੜੀ ਪਾਣੀ ਦੇ ਤੇਜ਼ ਵਹਾਅ ਕਾਰਨ ਬੰਦ ਕਰਨੀ ਪਈ। ਕਰੀਬ ਇਕ ਦਰਜਨ ਪਿੰਡਾਂ ਦਾ ਸਿੱਧਾ ਸੰਪਰਕ ਕੱਟਿਆ ਗਿਆ। ਉਧਰ ਲੋਕਾਂ ਨੂੰ ਕਰੀਬ 10 ਕਿਲੋਮੀਟਰ ਦਾ ਵਾਧੂ ਸਫ਼ਰ ਤੈਅ ਕਰਕੇ ਆਉਣ ਜਾਣਾ ਪਿਆ।

Leave a Reply

Your email address will not be published. Required fields are marked *