ਇਹਨਾਂ ਥਾਂਵਾਂ ਤੇ ਭਾਰੀ ਮੀਂਹ ਦੇ ਨਾਲ ਹੜ੍ਹ ਆਉਣ ਦੀ ਸੰਭਾਵਨਾਂ-ਹੋ ਜਾਓ ਸਾਵਧਾਨ,ਦੇਖੋ ਪੂਰੀ ਖ਼ਬਰ

ਮੌਨਸੂਨ ਆਪਣੇ ਅੰਤਿਮ ਪੜਾਅ ‘ਚ ਹੈ। ਦੇਸ਼ ਦੇ ਤਿੰਨ ਚੌਥੀ ਹਿੱਸੇ ‘ਚ ਤੇਜ਼ ਮੀਂਹ ਨਾਲ ਨਦੀਆਂ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਵਗ ਰਹੀਆਂ ਹਨ। ਉੱਤਰ-ਪੱਛਮੀ ਸੂਬਿਆਂ ‘ਚ ਜ਼ਿਆਦਾਤਰ ਨਦੀਆਂ ਆਫ਼ਰੀਆਂ ਹਨ, ਜਦਕਿ ਪੂਰਬੀ ਸੂਬਿਆਂ ਦੀਆਂ ਨਦੀਆਂ ‘ਚ ਹੜ੍ਹ ਦਾ ਇਹ ਦੂਜਾ ਦੌਰਾ ਹੋਵੇਗਾ। ਦੇਸ਼ ‘ਚ ਸਵਾ ਸੌ ਜਲ ਸਰੋਤਾਂ ‘ਚੋਂ ਜ਼ਿਆਦਾਤਰ ਪਹਿਲਾਂ ਹੀ ਨੱਕੋ-ਨੱਕ ਭਰ ਚੁੱਕੇ ਹਨ। ਪਾਣੀ ਦੀ ਬਹੁਤਾਤ ਹੋਣ ਨਾਲ ਉਨ੍ਹਾਂ ਦੇ ਗੇਟ ਖੋਲ੍ਹੇ ਜਾ ਸਕਦੇ ਹਨ ਜੋ ਹੜ੍ਹ ਵਜੋਂ ਤਬਾਹੀ ਲਿਆ ਸਕਦੇ ਹਨ।

ਮੌਸਮ ਵਿਭਾਗ ਦੀ ਚਿਤਾਵਨੀ ਦੇ ਮੱਦੇਨਜ਼ਰ ਨਦੀਆਂ ਦੇ ਨੇੜੇ-ਤੇੜੇ ਦੇ ਹੇਠਲੇ ਹਿੱਸਿਆਂ ‘ਚ ਲੋਕਾਂ ਨੂੰ ਚੌਕਸੀ ਵਰਤਣ ਦੇ ਨਿਰਦੇਸ਼ ਪਹਿਲਾਂ ਹੀ ਜਾਰੀ ਕੀਤੇ ਜਾ ਚੁੱਕੇ ਹਨ। ਹਿਮਾਲਿਆਈ ਸੂਬੇ ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼ ਤੇ ਉਤਰਾਖੰਡ ਤੋਂ ਲੈ ਕੇ ਉੱਤਰ ਪ੍ਰਦੇਸ਼, ਬਿਹਾਰ, ਝਾਰਖੰਡ, ਓਡੀਸ਼ਾ, ਬੰਗਾਲ ਤੇ ਛੱਤੀਸਗੜ੍ਹ ‘ਚ ਭਾਰੀ ਤੋਂ ਲੈ ਕੇ ਮੋਹਲੇਧਾਰ ਮੀਂਹ ਪੈਣ ਨਾਲ ਨਦੀਆਂ ਆਫਰੀਆਂ ਪਈਆਂ ਹਨ। ਗੁਜਰਾਤ, ਮੱਧ ਪ੍ਰਦੇਸ਼ ਤੇ ਰਾਜਸਥਾਨ ਦੀਆਂ ਨਦੀਆਂ ਦੇ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਤੋਂ ਉਪਰ ਜਾ ਚੁੱਕਿਆ ਹੈ।

ਕੇਂਦਰ ਨੇ ਨਿਸ਼ਾਨਦੇਹ ਕੀਤੇ 26 ਸਥਾਨ – ਕੇਂਦਰੀ ਜਲ ਸ਼ਕਤੀ ਮੰਤਰਾਲੇ ਵੱਲੋਂ ਜਾਰੀ ਚਿਤਾਵਨੀ ‘ਚ 26 ਅਜਿਹੇ ਸਥਾਨਾਂ ਦੀ ਨਿਸ਼ਾਨਦੇਹੀ ਕੀਤੀ ਗਈ ਹੈ ਜਿਥੇ ਹੜ੍ਹ ਦੀ ਸਥਿਤੀ ਬਹੁਤ ਵਿਗੜ ਸਕਦੀ ਹੈ। ਇਨ੍ਹਾਂ ਵਿਚੋਂ ਬਿਹਾਰ ਤੇ ਉੱਤਰ ਪ੍ਰਦੇਸ਼ ਦੇ ਜ਼ਿਆਦਾਤਰ ਹਿੱਸੇ ਸ਼ਾਮਲ ਹਨ। ਹਾਲਾਂਕਿ ਹੜ੍ਹ ਦੀ ਮਾਰ ਹੇਠ ਝਾਰਖੰਡ, ਅਸਾਮ, ਓਡੀਸ਼ਾ, ਰਾਜਸਥਾਨ ਤੇ ਬੰਗਾਲ ਵੀ ਹੋਣਗੇ। ਦੇਸ਼ ਦੇ ਪ੍ਰਮੁੱਖ 33 ਵੱਡੇ ਤੇ ਛੋਟੇ ਬੰਨ੍ਹ ਵੀ ਆਫਰ ਸਕਦੇ ਹਨ ਤੇ ਜਿਥੇ ਪਾਣੀ ਜ਼ਿਆਦਾ ਹੋਣ ‘ਤੇ ਉਨ੍ਹਾਂ ਦੇ ਗੇਟ ਖੋਲ੍ਹੇ ਜਾ ਸਕਦੇ ਹਨ। ਇਸ ਨਾਲ ਸਬੰਧਤ ਨਦੀ ਬੇਸਿਨ ‘ਚ ਵਸੇ ਖੇਤਰਾਂ ਨੂੰ ਨੁਕਸਾਨ ਦਾ ਖ਼ਦਸ਼ਾ ਹੈ।

ਗੰਗਾ ਦੀਆਂ ਸਹਾਇਕ ਨਦੀਆਂ ‘ਚ ਹੜ੍ਹ ਦੀ ਸਥਿਤੀ – ਗੰਗਾ ਦੀਆਂ ਸਹਾਇਕ ਨਦੀਆਂ ‘ਚ ਹੜ੍ਹ ਦੀ ਸਥਿਤੀ ਬਣ ਚੁੱਕੀ ਹੈ। ਗੰਗਾ ਦੇ ਮੈਦਾਨੀ ਖੇਤਰਾਂ ‘ਚ ਭਾਰੀ ਮੀਂਹ ਸ਼ੁਰੂ ਹੋ ਚੁੱਕਾ ਹੈ ਜੋ ਅਗਲੇ ਕਈ ਦਿਨਾਂ ਤਕ ਜਾਰੀ ਰਹੇਗਾ। ਹਿਮਾਲਿਆਈ ਸੂਬਿਆਂ ‘ਚ ਲਗਾਤਾਰ ਤੇਜ਼ ਮੀਂਹ ਨਾਲ ਛੋਟੀਆਂ ਸਾਰੀਆਂ ਨਦੀਆਂ ਆਪਣੇ ਕੰਢੇ ਤੋਂ ਬਾਹਰ ਵਗ ਰਹੀਆਂ ਹਨ। ਜੰਮੂ-ਕਸ਼ਮੀਰ ‘ਚ ਬੁੱਧਵਾਰ ਤੋਂ ਸ਼ੁਰੂ ਹੋਇਆ ਮੀਂਹ ਵੀਰਵਾਰ ਨੂੰ ਹੋਰ ਤੇਜ਼ ਹੋਵੇਗਾ। ਹਿਮਾਚਲ ਪ੍ਰਦੇਸ਼ ‘ਚ 28 ਅਗਸਤ ਤਕ ਤੇਜ਼ ਗਰਜ ਤੇ ਚਮਕ ਨਾਲ ਭਾਰੀ ਮੀਂਹ ਪਵੇਗਾ। ਉੱਤਰਾਖੰਡ ‘ਚ ਪੂਰੇ ਇਕ ਹਫ਼ਤੇ ਤਕ ਭਾਰੀ ਤੋਂ ਲੈ ਕੇ ਮੋਹਲੇਧਾਰ ਮੀਂਹ ਪੈ ਸਕਦਾ ਹੈ।

ਸ਼ਨਿਚਵਾਰ ਤਕ ਉੱਤਰੀ ਸੂਬਿਆਂ ‘ਚ ਭਾਰੀ ਮੀਂਹ ਦਾ ਅੰਦਾਜ਼ਾ – ਪੰਜਾਬ, ਹਰਿਆਣਾ, ਚੰਡੀਗੜ੍ਹ ਤੇ ਦਿੱਲੀ ‘ਚ 29 ਅਗਸਤ ਦੀ ਰਾਤ ਤਕ ਭਾਰੀ ਮੀਂਹ ਪੈਣ ਦਾ ਅੰਦਾਜ਼ਾ ਹੈ। ਪੂਰਬੀ ਉÎੱਤਰ ਪ੍ਰਦੇਸ਼ ‘ਚ ਭਾਰੀ ਮੀਂਹ ਦਾ ਸਿਲਸਿਲਾ ਪੂਰਾ ਹਫ਼ਤਾ ਚੱਲੇਗਾ।

ਸੂਬਿਆਂ ਨੂੰ ਕੀਤਾ ਚੌਕਸ – ਮੱਧ ਪ੍ਰਦੇਸ਼ ‘ਚ ਮੰਦਸੌਰ ਸਥਿਤ ਗਾਂਧੀ ਨਗਰ ਡੈਮ ਕਿਸੇ ਵੀ ਸਮੇਂ ਆਫਰ ਸਕਦਾ ਹੈ ਤੇ ਜਿਸ ਨਾਲ ਇਸ ਦੇ ਦਾਇਰੇ ‘ਚ ਆਉਣ ਵਾਲੇ ਖੇਤਰ ਹੜ੍ਹ ਦੀ ਲਪੇਟ ‘ਚ ਆ ਸਕਦੇ ਹਨ। ਸੂਬੇ ‘ਚ ਲਗਾਤਾਰ ਮੀਂਹ ਨਾਲ ਉਥੋਂ ਦੀਆਂ ਛੋਟੀਆਂ-ਵੱਡੀਆਂ ਨਦੀਆਂ ਕੰਢੇ ਤੋਂ ਉਪਰ ਵਗਣ ਲੱਗੀਆਂ ਹਨ। ਇਸ ਨਾਲ ਧਾਰ, ਇੰਦੌਰ, ਝਾਬੁਆ, ਰਤਲਾਮ ਨਾਲ ਗੁਜਰਾਤ ਤੇ ਰਾਜਸਥਾਨ ਦੇ ਕਈ ਜ਼ਿਲਿ੍ਹਆਂ ‘ਚ ਹੜ੍ਹ ਦਾ ਖ਼ਤਰਾ ਵੱਧ ਗਿਆ ਹੈ।

ਪੂਰਬੀ ਰਾਜਸਥਾਨ ‘ਚ ਤੇਜ਼ ਮੀਂਹ ਨਾਲ ਇਥੋਂ ਦੀਆਂ ਨਦੀਆਂ ‘ਚ ਪਾਣੀ ਦਾ ਪੱਧਰ ਵਧਣ ਲੱਗਾ ਹੈ। ਸੂਬੇ ‘ਚ ਵਗਣ ਵਾਲੀ ਚੰਬਲ ਨਦੀ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਵਗ ਰਹੀ ਹੈ। ਚਿਤੌੜਗੜ੍ਹ ਦੇ ਗੰਭੀਰੀ ਡੈਮ ਤੇ ਕਾਲੀਸਿੰਧ ਡੈਮ ਕਿਸੇ ਵੀ ਆਫਰ ਸਕਦੇ ਹਨ। ਲਿਹਾਜ਼ਾ ਕੰਢਿਆਂ ਦੇ ਖੇਤਰਾਂ ਨੂੰ ਚੌਕਸ ਕਰ ਦਿੱਤਾ ਗਿਆ ਹੈ।ਛੱਤੀਸਗੜ੍ਹ ਦਾ ਰਵੀਸ਼ੰਕਰ ਡੈਮ ਤੇ ਬੈਂਗੋ ਡੈਮ ਪੂਰਾ ਭਰ ਚੁੱਕਾ ਹੈ। ਹੁਣ ਪੈਣ ਵਾਲੇ ਮੀਂਹ ਦਾ ਪਾਣੀ ਹੜ੍ਹ ਵਜੋਂ ਤਬਾਹੀ ਮਚਾ ਸਕਦਾ ਹੈ।

ਸੂਬੇ ਦੇ ਛੋਟੇ-ਵੱਡੇ ਬੰਨ੍ਹਾਂ ਤੋਂ ਪਾਣੀ ਛੱਡਣ ਤੋਂ ਹੜ੍ਹ ਆਉਣ ਨਾਲ ਬਸਟਰ, ਸੁਕਮਾ, ਧਮਤਰੀ, ਕੋਰਬਾ, ਦੰਤੇਵਾੜਾ ਤੇ ਬੀਜਾਪੁਰ ਨੂੰ ਸਾਵਧਾਨ ਕਰ ਦਿੱਤਾ ਗਿਆ ਹੈ। ਝਾਰਖੰਡ ਦੇ ਰਾਂਚੀ, ਸਰਾਏਕੇਲਾ, ਪੱਛਮੀ ਤੇ ਪੂਰਬੀ ਸਿੰਘਭੂਮ ‘ਚ ਹੜ੍ਹ ਦੇ ਆਸਾਰ ਬਣ ਰਹੇ ਹਨ, ਜਿਸ ਦੀ ਨਿਗਰਾਨੀ ਲਈ ਸੂਬਾ ਸਰਕਾਰ ਨੂੰ ਚਿਤਾਵਨੀ ਭੇਜ ਦਿੱਤੀ ਗਈ ਹੈ।

Leave a Reply

Your email address will not be published.