ਮੁੱਖ ਮੰਤਰੀ ਨੇ ਕਿਸਾਨ ਯੂਨੀਅਨਾਂ ਅਤੇ ਕੇਂਦਰ ਦੀ ਹੋਈ ਮੀਟਿੰਗ ਬਾਰੇ ਕਹਿ ਦਿੱਤੀ ਇਹ ਵੱਡੀ ਗੱਲ-ਦੇਖੋ ਪੂਰੀ ਖ਼ਬਰ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਖੇਤੀ ਕਾਨੂੰਨਾਂ ਅਤੇ ਹੋਰ ਸਬੰਧਤ ਮੁੱਦਿਆਂ `ਤੇ ਪੈਦਾ ਹੋਈ ਪੇਚੀਦਗੀ ਬਾਰੇ ਅੱਜ ਕਿਸਾਨ ਯੂਨੀਅਨਾਂ ਅਤੇ ਕੇਂਦਰ ਵਿਚਾਲੇ ਹੋਈ ਸੁਖਾਵੀਂ ਗੱਲਬਾਤ ਦਾ ਸਵਾਗਤ ਕੀਤਾ ਹੈ।ਇਸ ਨੂੰ ਇੱਕ ਉਸਾਰੂ ਕਦਮ ਕਰਾਰ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਸ ਮੀਟਿੰਗ ਨੇ ਪਹਿਲੀ ਵਾਰ ਦੋਵਾਂ ਧਿਰਾਂ ਨੂੰ ਖੁੱਲ੍ਹੇ ਮਾਹੌਲ ਵਿੱਚ ਗੱਲਬਾਤ ਕਰਨ ਦਾ ਮੌਕਾ ਪ੍ਰਦਾਨ ਕੀਤਾ ਅਤੇ ਉਨ੍ਹਾਂ ਉਮੀਦ ਕੀਤੀ ਕਿ ਇਸ ਨਾਲ ਮੁੱਦੇ `ਤੇ ਬਣੀ ਉਲਝਣ ਨੂੰ ਦੂਰ ਕਰਨ ਲਈ ਰਾਹ ਪੱਧਰਾ ਹੋਵੇਗਾ।

ਉਨ੍ਹਾਂ ਕਿਹਾ ਕਿ ਦੋਵਾਂ ਧਿਰਾਂ ਨੇ ਅੱਗੇ ਆ ਕੇ ਹੱਲ ਲੱਭਣ ਲਈ ਸਹਿਮਤੀ ਦਿੱਤੀ ਹੈ ਜਿਸ ਤੋਂ ਇਹ ਸੰਕੇਤ ਮਿਲਦਾ ਹੈ ਕਿ ਦੋਵੇਂ ਧਿਰਾਂ ਖੇਤੀ ਕਾਨੂੰਨਾਂ ਕਰਕੇ ਪੈਦਾ ਹੋਏ ਲੰਬੇ ਸਮੇਂ ਦੇ ਸੰਕਟ ਦਾ ਹੱਲ ਲੱਭਣ ਦੀ ਜ਼ਰੂਰਤ ਉੱਤੇ ਆਪਸੀ ਸਮਝ ਵਿੱਚ ਆ ਗਈਆਂ ਹਨ।


ਮੀਡੀਆ ਰਿਪੋਰਟਾਂ ਦਾ ਹਵਾਲਾ ਦਿੰਦੇ ਹੋਏ, ਮੁੱਖ ਮੰਤਰੀ ਨੇ ਉਮੀਦ ਕੀਤੀ ਕਿ ਕੇਂਦਰ ਸਰਕਾਰ ਨਾਲ 21 ਨਵੰਬਰ ਨੂੰ ਇਕ ਹੋਰ ਬੈਠਕ ਤੋਂ ਪਹਿਲਾਂ ਕਿਸਾਨ ਯੂਨੀਅਨਾਂ ਵੱਲੋਂ 18 ਨਵੰਬਰ ਨੂੰ ਕੀਤੀ ਜਾਣ ਵਾਲੀ ਅੰਦਰੂਨੀ ਪੱਧਰ ਦੀ ਗੱਲਬਾਤ, ਅੱਜ ਦੇ ਵਿਆਪਕ ਵਿਚਾਰ ਵਟਾਂਦਰੇ ਦੌਰਾਨ ਉਠਾਏ ਗਏ ਵੱਖ-ਵੱਖ ਨੁਕਤਿਆਂ ਨੂੰ ਅੱਗੇ ਰੱਖਣ ਲਈ ਠੋਸ ਢੰਗ-ਤਰੀਕਿਆਂ ਦੀ ਪਛਾਣ ਕਰਨ ਵਿਚ ਸਹਾਈ ਹੋਵੇਗੀ।

ਸੂਬੇ ਅਤੇ ਸਮਾਜ ਦੇ ਸਾਰੇ ਵਰਗਾਂ ਦੇ ਹਿੱਤ ਵਿੱਚ ਇਸ ਮਾਮਲੇ ਦੇ ਜਲਦੀ ਹੱਲ ਦੀ ਲੋੜ `ਤੇ ਜ਼ੋਰ ਦਿੰਦਿਆਂ ਕੈਪਟਨ ਅਮਰਿੰਦਰ ਨੇ ਕਿਹਾ ਕਿ ਪੰਜਾਬ, ਜਿਸ ਨੂੰ ਕੋਵਿਡ ਮਹਾਂਮਾਰੀ ਕਰਕੇ ਭਾਰੀ ਵਿੱਤੀ ਘਾਟੇ ਦਾ ਸਾਹਮਣਾ ਕਰਨਾ ਪਿਆ ਹੈ, ਨੂੰ ਖੇਤੀ ਕਾਨੂੰਨਾਂ ਕਾਰਨ ਪੈਦਾ ਹੋਏ ਮੌਜੂਦਾ ਸੰਕਟ ਨਾਲ ਬੁਰੀ ਤਰ੍ਹਾਂ ਸੱਟ ਵੱਜੀ ਹੈ। ਉਨ੍ਹਾਂ ਅੱਗੇ ਕਿਹਾ ਕਿ ਇਹ ਸਾਰੇ ਦੇਸ਼ ਦੇ ਹਿੱਤ ਵਿੱਚ ਹੋਵੇਗਾ ਕਿ ਉਨ੍ਹਾਂ ਮੱਤਭੇਦਾਂ ਨੂੰ ਸੁਲਝਾਇਆ ਜਾਵੇ ਜੋ ਇਸ ਸੰਕਟ ਦੇ ਹੱਲ ਵਿੱਚ ਅੜਿੱਕਾ ਬਣੇ ਹੋਏ ਹਨ।

Leave a Reply

Your email address will not be published.