ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦੇ ਚੱਲ ਰਹੇ ਸੰਘਰਸ਼ ਕਾਰਨ ਕੇਂਦਰ ਸਰਕਾਰ ਵਲੋਂ ਸੂਬੇ ਵਿੱਚ ਮਾਲ ਗੱਡੀਆਂ ਰੋਕੀਆਂ ਹੋਈਆਂ ਹਨ। ਜਿਸ ਕਾਰਨ ਸੂਬੇ ਦੇ ਅਰਥਚਾਰੇ, ਵਪਾਰ ਅਤੇ ਖੇਤੀ ’ਤੇ ਪ੍ਰਭਾਵ ਪੈਂਦੇ ਨਜ਼ਰ ਆ ਰਹੇ ਹਨ। ਮਾਲ ਗੱਡੀਆਂ ਨਾ ਆਉਣ ਕਾਰਨ ਸੂਬੇ ਵਿੱਚ ਹਾੜੀ ਦੀਆਂ ਫ਼ਸਲਾਂ ਲਈ ਯੂਰੀਏ ਦੀ ਵੱਡੀ ਸਮੱਸਿਆ ਖੜੀ ਹੋ ਚੁੱਕੀ ਹੈ। ਕਿਉਂਕਿ ਕਣਕ ਅਤੇ ਆਲੂ ਦੀ ਫ਼ਸਲ ਨੂੰ ਯੂਰੀਆ ਖਾਦ ਦੀ ਵਧੇਰੇ ਲੋੜ ਹੁੰਦੀ ਹੈ। ਪਰ ਲੋੜ ਅਨੁਸਾਰ ਯੂਰੀਆ ਸੂਬੇ ਵਿੱਚ ਨਹੀਂ ਪਹੁੰਚ ਸਕਿਆ। ਜਿਸ ਕਾਰਨ ਸੰਘਰਸ਼ ਕਰ ਰਹੇ ਕਿਸਾਨਾਂ ’ਚ ਕੇਂਦਰ ਸਰਕਾਰ ਪ੍ਰਤੀ ਰੋਸ ਹੋਰ ਵਧਦਾ ਦਿਖ਼ਾਈ ਦੇ ਰਿਹਾ ਹੈ।
ਬਰਨਾਲਾ ਜ਼ਿਲੇ ਵਿੱਚ ਐਤਕੀਂ 1 ਲੱਖ 13 ਹਜ਼ਾਰ ਹੈਕਟੇਅਰ ਰਕਬੇ ਵਿੱਚ ਕਣਕ ਦੀ ਬਿਜਾਈ ਕੀਤੀ ਜਾਣੀ ਹੈ। ਜਿਸ ਕਰਕੇ ਵੱਡੀ ਪੱਧਰ ’ਤੇ ਯੂਰੀਆ ਖ਼ਾਦ ਦੀ ਲੋੜ ਹੈ। ਸਰਕਾਰੀ ਤੌਰ ’ਤੇ ਕਿਸਾਨਾਂ ਤੱਕ ਸਹਿਕਾਰੀ ਸਭਾਵਾਂ ਰਾਹੀਂ, ਜਦੋਂਕਿ ਪ੍ਰਾਈਵੇਟ ਤੌਰ ’ਤੇ ਡੀਲਰਾਂ ਜਾਂ ਦੁਕਾਨਦਾਰਾਂ ਰਾਹੀਂ ਯੂਰੀਆ ਪਹੁੰਚਦਾ ਹੈ। ਦੋਵੇਂ ਤਰਾਂ ਹੀ ਅਜੇ ਤੱਕ ਪਹੁੰਚੀ ਯੂਰੀਏ ਦੀ ਮਾਤਰਾ ਬਹੁਤ ਘੱਟ ਹੈ।
ਕੋ-ਆਪਰੇਟਿਵ ਸੁਸਾਇਟੀ ਵਿਭਾਗ ਅਨੁਸਾਰ ਜ਼ਿਲੇ ਵਿੱਚ ਹੁਣ ਤੱਕ 34559 ਮੀਟਰਕ ਟਨ ਯੂਰੀਏ ਦੀ ਲੋੜ ਹੈ। ਜਦੋਂਕਿ ਸਿਰਫ਼ 5633 ਮੀਟਰਕ ਟਨ ਯੁੂਰੀਆ ਹੀ ਵਿਭਾਗ ਕੋਲ ਪਹੁੰਚਿਆ ਹੈ। ਇਸ ਅਨੁਸਾਰ ਜ਼ਿਲੇ ਵਿੱਚ ਸਿਰਫ਼ 16 ਫ਼ੀਸਦੀ ਯੂਰੀਆ ਹੀ ਅਜੇ ਤੱਕ ਪਹੁੰਚ ਸਕਿਆ ਹੈ। ਜਦੋਂਕਿ 84 ਫ਼ੀਸਦੀ ਯੂਰੀਏ ਦੀ ਅਜੇ ਲੋੜ ਬਾਕੀ ਹੈ। ਜਿਸ ਕਰਕੇ ਯੂਰੀਏ ਦਾ ਵੱਡਾ ਸੰਕਟ ਕਣਕ ਦੀ ਫ਼ਸਲ ਲਈ ਖੜਾ ਹੋ ਸਕਦਾ ਹੈ। ਜ਼ਿਲੇ ਵਿੱਚ ਡੀਏਪੀ ਖ਼ਾਦ 92 ਫ਼ੀਸਦੀ ਤੱਕ ਵਿਭਾਗ ਕੋਲ ਪਹੁੰਚ ਗਈ ਹੈ।
ਉਧਰ ਐਗਲੋ ਇਨਪੁੱਟਸ ਡੀਲਰਜ਼ ਐਸੋਸੀਏਸ਼ਨ ਦੇ ਜ਼ਿਲਾ ਪ੍ਰਧਾਨ ਗੋਕਲ ਪ੍ਰਕਾਸ਼ ਗੁਪਤਾ ਨੇ ਦੱਸਿਆ ਕਿ ਪ੍ਰਾਈਵੇਟ ਤੌਰ ’ਤੇ ਕਰੀਬ 6 ਤੋਂ 7 ਹਜ਼ਾਰ ਮੀਟਰਕ ਟਨ ਯੂਰੀਆ ਕਿਸਾਨ ਖ਼ਰੀਦਦੇ ਹਨ। ਪਰ ਇਸ ਵੇਲੇ ਸਿਰਫ਼ 5-7 ਫ਼ੀਸਦੀ ਯੂਰੀਆ ਹੀ ਡੀਲਰਾਂ ਅਤੇ ਦੁਕਾਨਦਾਰਾਂ ਤੱਕ ਪਹੁੰਚ ਸਕਿਆ ਹੈ। 15 ਅਗਸਤ ਤੋਂ ਹਾੜੀ ਦੀ ਫ਼ਸਲ ਲਈ ਯੂਰੀਏ ਦਾ ਸਟਾਕ ਸ਼ੁਰੂ ਹੁੰਦਾ ਹੈ। ਪਰ ਕੋਰੋਨਾ ਦੇ ਲੌਕਡਾਊਨ ਕਾਰਨ ਯੂਰੀਆ ਨਹੀਂ ਪਹੰੁਚ ਸਕਿਆ। ਹੁਣ ਕਿਸਾਨਾਂ ਦੇ ਸੰਘਰਸ਼ ਕਾਰਨ ਮਾਲ ਗੱਡੀਆਂ ਪੰਜਾਬ ’ਚ ਬੰਦ ਹਨ। ਜਿਸ ਕਰਕੇ ਯੂਰੀਏ ਦਾ ਸਟਾਕ ਨਿੱਲ ਹੈ।
ਖੇਤੀਬਾੜੀ ਵਿਭਾਗ ਦੇ ਸਹਾਇਕ ਡਾਇਰੈਕਟਰ ਡਾ.ਬਲਦੇਵ ਸਿੰਘ ਨੇ ਕਿਹਾ ਕਿ ਜੇਕਰ ਕਣਕ ਦੀ ਫ਼ਸਲ ਨੂੰ ਪਹਿਲੇ ਪਾਣੀ ਤੋਂ ਬਾਅਦ ਯੂਰੀਆ ਖ਼ਾਦ ਨਹੀਂ ਮਿਲਦੀ ਤਾਂ ਇਸ ਕਾਰਨ ਫ਼ਸਲ ਦਾ ਝਾੜ 30 ਤੋਂ 50 ਫ਼ੀਸਦੀ ਤੱਕ ਘਟ ਸਕਦਾ ਹੈ। ਇਸ ਘਾਟ ਨੂੰ ਪੂਰਾ ਕਰਨ ਲਈ ਲਗਾਤਾਰ ਪੰਜਾਬ ਸਰਕਾਰ ਅਤੇ ਖੇਤੀਬਾੜੀ ਵਿਭਾਗ ਯਤਨ ਕਰ ਰਿਹਾ ਹੈ।
ਭਾਕਿਯੂ ਕਾਦੀਆਂ ਦੇ ਜ਼ਿਲਾ ਪ੍ਰਧਾਨ ਜਗਸੀਰ ਸਿੰਘ ਛੀਨੀਵਾਲ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਪਹਿਲਾਂ ਤਿੰਨ ਖੇਤੀ ਕਾਨੂੰਨ ਲਿਆ ਕੇ ਧੱਕਾ ਕੀਤਾ ਅਤੇ ਹੁਣ ਰੇਲਵੇ ਲਾਈਨਾਂ ਖਾਲੀ ਹੋਣ ਦੇ ਬਾਵਜੂਦ ਮਾਲ ਗੱਡੀਆਂ ਰੋਕ ਕੇ ਕਿਸਾਨੀ ਸੰਘਰਸ਼ ਨੂੰ ਫ਼ੇਲ ਕਰਨ ਦਾ ਯਤਨ ਕਰ ਰਹੀ ਹੈ। ਜੇਕਰ ਇੱਕ ਸਾਲ ਯੂਰੀਆ ਖਾਦ ਨਾ ਮਿਲਣ ਕਰਕੇ ਫ਼ਸਲਾਂ ਦੇ ਝਾੜ ਘਟ ਜਾਣਗੇ ਤਾਂ ਇਸਨੂੰ ਕਿਸਾਨ ਬਰਦਾਸ਼ਤ ਕਰ ਲੈਣਗੇ। ਪਰ ਆਉਣ ਵਾਲੀਆਂ ਪੀੜੀਆਂ ਦਾ ਭਵਿੱਖ ਸੰਵਾਰਨ ਲਈ ਇਹ ਸੰਘਰਸ਼ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਤੱਕ ਜਾਰੀ ਰਹੇਗਾ।