ਇਸ ਵਾਰ ਬਾਸਮਤੀ ਲਗਾਉਣ ਵਾਲੀ ਕਿਸਾਨਾਂ ਨੂੰ ਘਾਟੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਖੇਤੀ ਆਰਡੀਨੈਂਸ ਵਰਗੇ ਕਾਲੇ ਕਾਨੂੰਨ ਅਜੇ ਪਾਸ ਵੀ ਨਹੀਂ ਹੋਏ ਪਰ ਵਪਾਰੀਆਂ ਨੇ ਆਪਣਾ ਰੰਗ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਹਾਲਤ ਇਹ ਹਨ ਕੇ ਪੂਸਾ ਬਾਸਮਤੀ 1509 ਕਿਸਮ ਦੀ ਇਸ ਵਾਰ ਸਿਰਫ 1800 ਤੋਂ 1900 ਰੁਪਏ ਪ੍ਰਤੀ ਕੁਇੰਟਲ ਹੀ ਵਿਕੀ ਹੈ।
ਜਦੋਂ ਕੇ ਪਿਛਲੇ ਸਾਲਾਂ ਵਿੱਚ ਬਾਸਮਤੀ 1509 ਦਾ ਘੱਟ ਤੋਂ ਘੱਟ ਰੇਟ 2500 ਰੁਪਏ ਪ੍ਰਤੀ ਕੁਇੰਟਲ ਹੁੰਦਾ ਸੀ। ਪੰਜਾਬ ਸਰਕਾਰ ਨੇ ਪਾਣੀ ਦੀ ਬੱਚਤ ਅਤੇ ਪ੍ਰਦੂਸ਼ਣ ਰੋਕਣ ਪੱਖੋਂ ਬਾਸਮਤੀ ਦੀ ਕਾਸ਼ਤ ‘ਤੇ ਜ਼ੋਰ ਦਿੱਤਾ ਸੀ ਪਰ ਹੁਣ ਸਰਕਾਰ ਕਿਸਾਨਾਂ ਦਾ ਹੱਥ ਨਹੀਂ ਫੜ ਰਹੀ। ਸਿਰਫ ਬਾਸਮਤੀ 1509 ਕਿਸਮ ਹੀ ਨਹੀਂ ਬਲਕਿ ਹੁਣ ਤਾਂ ਬਾਸਮਤੀ ਦੀ ਸਭ ਤੋਂ ਚੰਗੀ ਕੁਆਲਟੀ ਦੀ ਬਾਸਮਤੀ ਮੰਨੀ ਜਾਣ ਵਾਲੀ 1121 ਵੀ ਕਿਸਾਨਾਂ ਨੂੰ ਨਿਰਾਸ਼ ਕਰ ਰਹੀ ਹੈ।
ਹਾਲਾਂਕਿ ਅਕਤੂਬਰ ਦੇ ਅੰਤ ਅਤੇ ਨਵੰਬਰ ਦੀ ਸ਼ੁਰੂਆਤ ਵਿੱਚ ਬਾਸਮਤੀ 1121 ਦੇ ਭਾਅ ਵਿੱਚ ਤੇਜ਼ੀ ਜਰੂਰ ਦੇਖਣ ਨੂੰ ਮਿਲੀ ਸੀ ਪਰ ਹੁਣ ਇੱਕ ਵਾਰ ਫਿਰ ਇਸਦੇ ਭਾਅ ਡਿੱਗਦੇ ਦਿਖਾਈ ਦੇ ਰਹੇ ਹਨ। 1121 ਅਤੇ 1718 ਦੀਆਂ ਕਿਸਮਾਂ ਵਿੱਚ ਲਗਭਗ 100 ਤੋਂ 150 ਰੁਪਏ ਦੀ ਗਿਰਾਵਟ ਦੇਖਣ ਨੂੰ ਮਿਲੀ ਹੈ ਅਤੇ ਇਸ ਗਿਰਾਵਟ ਤੋਂ ਬਾਅਦ ਇਨ੍ਹਾਂ ਦਾ ਰੇਟ ਸੂਬੇ ਦੀਆਂ ਵੱਖ ਵੱਖ ਮੰਡੀਆਂ ਵਿੱਚ 2500 ਤੋਂ 2700 ਰੁਪਏ ਪ੍ਰਤੀ ਕੁਇੰਟਲ ਤੱਕ ਚੱਲ ਰਿਹਾ ਹੈ।
ਕਿਸਾਨਾਂ ਨੂੰ ਸਭਤੋਂ ਜਿਆਦਾ ਭਾਅ ਨਾਭਾ ਮੰਡੀ ਵਿੱਚ ਮਿਲ ਰਿਹਾ ਹੈ ਜਿਥੇ 1121 ਦਾ ਰੇਟ 2800 ਰੁਪਏ ਤੋਂ ਜਿਆਦਾ ਮਿਲਿਆ ਹੈ। ਬਾਕੀ ਸਾਰੀਆਂ ਮੰਡੀਆਂ ਵਿੱਚ ਭਾਅ ਇਸਤੋਂ ਘੱਟ ਮਿਲ ਰਿਹਾ ਹੈ ਅਤੇ ਕਿਸਾਨ ਨਿਰਾਸ਼ ਹਨ। ਇਸ ਵਾਰ ਬਾਸਮਤੀ ਦਾ ਝਾੜ ਪਹਿਲਾਂ ਹੀ ਘੱਟ ਹੈ ਅਤੇ ਉੱਤੋਂ ਏਨੇ ਘੱਟ ਭਾਅ ਨਾਲ ਕਿਸਾਨਾਂ ਦਾ ਖਰਚਾ ਵੀ ਪੂਰਾ ਨਹੀਂ ਹੋ ਰਿਹਾ। ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ….