ਪੰਜਾਬ ਦੇ ਕਿਸਾਨਾਂ ਨੇ ਹੁਣ ਮੋਦੀ ਸਰਕਾਰ ਨੂੰ ਝੁਕਾਉਣ ਦਾ ਇੱਕ ਨਵਾਂ ਤਰੀਕਾ ਲੱਭ ਲਿਆ ਹੈ। ਕਿਸਾਨਾਂ ਵੱਲੋਂ ਸਰਕਾਰ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਜੇਕਰ ਸਰਕਾਰ ਮਾਲ ਗੱਡੀਆਂ ਦੀ ਆਵਾਜਾਈ ਸ਼ੁਰੂ ਨਹੀਂ ਕਰੇਗੀ ਤਾਂ ਪੰਜਾਬ ਦੇ ਕਿਸਾਨ ਹਰਿਆਣਾ, ਉੱਤਰ ਪ੍ਰਦੇਸ਼, ਰਾਜਸਥਾਨ ਤੇ ਦੇਸ਼ ਦੇ ਹੋਰ ਕਿਸਾਨ ਸੰਗਠਨਾਂ ਨਾਲ ਮਿਲ ਕੇ ਦਿੱਲੀ ਨੂੰ ਦੁੱਧ, ਸਬਜ਼ੀਆਂ, ਚਾਰਾ ਤੇ ਹੋਰ ਖ਼ੁਰਾਕੀ ਵਸਤਾਂ ਦੀ ਸਪਲਾਈ ਬੰਦ ਕਰ ਦੇਣਗੇ।
ਤੁਹਾਨੂੰ ਦੱਸ ਦੇਈਏ ਕਿ ਇਹ ਮਤਾ ਐਤਵਾਰ ਨੂੰ ਹੋਈ ਭਾਰਤੀ ਕਿਸਾਨ ਯੂਨੀਅਨ-ਰਾਜੇਵਾਲ ਦੀ ਮੀਟਿੰਗ ਵਿੱਚ ਸਰਬਸੰਮਤੀ ਨਾਲ ਪਾਸ ਕੀਤਾ ਗਿਆ ਹੈ। ਰਾਜੇਵਾਲ ਨੇ ਕਿਹਾ ਕਿ ਪੰਜਾਬ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ 22 ਅਕਤੂਬਰ ਤੋਂ ਰੇਲ ਪਟੜੀਆਂ ਉੱਤੇ ਧਰਨੇ ਦਿੱਤੇ ਜਾ ਰਹੇ ਹਨ ਪਰ ਕੇਂਦਰ ਨੇ ਆਪਣੇ ਜ਼ਿੱਦੀ ਰਵੱਈਏ ਕਾਰਣ ਮਾਲ ਗੱਡੀਆਂ ਬੰਦ ਕਰ ਦਿੱਤੀਆਂ ਹਨ।
ਕਿਸਾਨਾਂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਦੇ ਜ਼ਿੱਦੀ ਰਵੱਈਏ ਤੇ ਪੰਜਾਬ ਸਰਕਾਰ ਦੇ ਡਰਾਮੇ ਤੋਂ ਪੰਜਾਬ ਦੀ ਜਨਤਾ ਪ੍ਰੇਸ਼ਾਨ ਹੈ। ਨਾਲ ਹੀ ਕਿਸਾਨ ਆਗੂਆਂ ਨੇ ਇਹ ਵੀ ਕਿਹਾ ਕਿ ਪਰਾਲ਼ੀ ਸਾੜਨ ਉੱਤੇ ਸਜ਼ਾ ਤਾਂ ਜ਼ਰੂਰ ਭੁਗਤ ਲਵਾਂਗੇ ਪਰ ਜੁਰਮਾਨਾ ਨਹੀਂ ਦੇਵਾਂਗੇ। ਪ੍ਰਦੂਸ਼ਣ ਲਈ ਕਿਸਾਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਕਿਸਾਨਾਂ ਦਾ ਸਾਲ ਵਿੱਚ ਦੋ ਵਾਰ ਸਿਰਫ਼ ਛੇ ਫ਼ੀਸਦੀ ਪ੍ਰਦੂਸ਼ਣ ਹੈ, ਜਦਕਿ ਰੋਜ਼ਾਨਾ ਫ਼ੈਕਟਰੀਆਂ ਦਾ 51 ਫ਼ੀਸਦੀ ਤੇ ਵਾਹਨਾਂ ਦਾ 25 ਫ਼ੀਸਦੀ ਪ੍ਰਦੂਸ਼ਣ ਹੈ।
ਇਸ ਕਾਰਨ ਕਿਸਾਨਾਂ ਵੱਲੋਂ 5 ਨਵੰਬਰ ਨੂੰ ‘ਭਾਰਤ ਬੰਦ’ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਇਸ ਸਬੰਧੀ ਅੱਜ ਯਾਨੀ ਤਿੰਨ ਨਵੰਬਰ ਨੂੰ ਚੰਡੀਗੜ੍ਹ ’ਚ ਕਿਸਾਨਾਂ ਦੀ ਪੰਜਾਬ ਸਰਕਾਰ ਨਾਲ ਮੀਟਿੰਗ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਜਾਣਬੁੱਝ ਕੇ ਪੰਜਾਬ ਵਿੱਚ ਮਾਲ ਗੱਡੀਆਂ ਨਹੀਂ ਚਲਾ ਰਹੀ ਹੈ। ਮਾਲ ਗੱਡੀਆਂ ਦਾ ਰਾਹ ਕਿਸਾਨਾਂ ਨੇ ਨਹੀਂ ਰੋਕਿਆ।