ਝੋਨੇ ਦੀ ਕਾਸ਼ਤ ਲਈ ਪੰਜਾਬੀਆਂ ਨੇ ਲੱਭਿਆ ਨਵਾਂ ਤਰੀਕਾ-ਦੇਖੋ ਪੂਰੀ ਖ਼ਬਰ

ਇਸ ਸਮੇਂ ਸਰਕਾਰਾਂ ਲਈ ਸਭ ਤੋਂ ਜ਼ਿਆਦਾ ਫਿਕਰ ਦੀ ਗੱਲ ਜ਼ਮੀਨ ਅੰਦਰਲੇ ਪਾਣੀ ਦਾ ਲਗਾਤਾਰ ਘਟ ਰਿਹਾ ਪੱਧਰ ਹੈ। ਇਸ ਕਰਕੇ ਸਰਕਾਰਾਂ ਵੱਲੋਂ ਕਿਸਾਨਾਂ ਨੂੰ ਝੋਨੇ ਦੀ ਥਾਂ ਹੋਰ ਫਸਲਾਂ ਬੀਜਣ ਦੀ ਸਲਾਹ ਦਿੱਤੀ ਜਾਂਦੀ ਹੈ। ਇਸ ਵਾਰ ਵੀ ਕੁਝ ਅਜਿਹਾ ਹੀ ਫਰਮਾਨ ਜਾਰੀ ਕੀਤਾ ਗਿਆ ਸੀ। ਸਰਕਾਰ ਦਾ ਕਹਿਣਾ ਹੈ ਕਿ ਝੋਨੇ ਨਾਲ ਜ਼ਮੀਨੀ ਪਾਣੀ ਲਗਾਤਾਰ ਘਟ ਰਿਹਾ ਹੈ ਪਰ ਇਸ ਸਾਲ ਪੰਜਾਬ ਦੇ ਕਿਸਾਨਾਂ ਵੱਲੋਂ ਝੋਨੇ ਦੀ ਸਿੱਧੀ ਬਿਜਾਈ ਕੀਤੀ ਗਈ ਜਿਸ ਨੇ ਕਿਸਾਨਾਂ ਲਈ ਕਈ ਨਵੇਂ ਰਾਹ ਖੋਲ੍ਹ ਦਿੱਤੇ।

ਨਵੇਂ ਤਜਰਬੇ ਵਜੋਂ ਪੰਜਾਬ ਅੰਦਰ ਕਈ ਕਿਸਾਨਾਂ ਨੇ ਝੋਨੇ ਦੀ ਸਿੱਧੀ ਬਿਜਾਈ ਕੀਤੀ। ਇਸ ਦੇ ਨਤੀਜਿਆਂ ਬਾਰੇ ਰਾਹਤ ਦੀ ਵੱਡੀ ਖ਼ਬਰ ਸਾਹਮਣੇ ਆਈ ਹੈ। ਇਸ ਤਕਨੀਕ ਨਾਲ ਕਿਸਾਨ ਜ਼ਮੀਨ ਅੰਦਰਲਾ ਪਾਣੀ ਬਚਾਉਣ ‘ਚ ਕਾਮਯਾਬ ਹੋਏ ਹਨ। ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਦਾ ਕਹਿਣਾ ਹੈ ਕਿ ਇਸ ਨਾਲ ਉਨ੍ਹਾਂ ਜ਼ਮੀਨ ਅੰਦਰਲੇ ਪਾਣੀ ਦੀ ਮਹਿਜ਼ 25-30% ਵਰਤੋਂ ਕੀਤੀ। ਹੋਰ ਤਾਂ ਹੋਰ ਉਨ੍ਹਾਂ ਨੂੰ ਇਸ ਵਾਰ ਝਾੜ ਵੀ ਵਧੇਰੇ ਮਿਲਿਆ।

ਸੂਬੇ ਵਿੱਚ ਝੋਨੇ ਦੀ ਸਿੱਧੀ ਬਿਜਾਈ ਕਰ ਰਹੇ ਕਿਸਾਨਾਂ ਦਾ ਕਹਿਣਾ ਹੈ ਕਿ ਇਸ ਨਾਲ ਝਾੜ ਵਿੱਚ ਨਾ ਸਿਰਫ ਔਸਤਨ ਦੋ ਕੁਇੰਟਲ ਪ੍ਰਤੀ ਏਕੜ ਦਾ ਵਾਧਾ ਹੋਇਆ ਸਗੋਂ ਝੋਨੇ ਦੀ ਲੁਆਈ ‘ਤੇ 5000 ਰੁਪਏ ਪ੍ਰਤੀ ਏਕੜ ਤੇ ਕੱਦੂ ਕਰਨ ‘ਤੇ 1000 ਰੁਪਏ ਪ੍ਰਤੀ ਏਕੜ ਹੋਣ ਵਾਲਾ ਉਨ੍ਹਾਂ ਦਾ ਖ਼ਰਚਾ ਨਹੀਂ ਹੋਇਆ ਜਿਸ ਨਾਲ ਉਨ੍ਹਾਂ ਨੂੰ ਇਹ ਵੀ ਫਾਇਦਾ ਹੋਇਆ। ਕਿਸਾਨ ਕੁੱਲ ਮਿਲ ਕੇ ਸੰਤੁਸ਼ਟ ਹੈ। ਇਸ ਤੋਂ ਅੰਦਾਜਾ ਲਾਇਆ ਜਾ ਰਿਹਾ ਹੈ ਕਿ ਅਗਲੇ ਸਮੇਂ ਵਿੱਚ ਝੋਨੇ ਦੀ ਕਾਸ਼ਤ ਦਾ ਇਹ ਨਵਾਂ ਬਦਲ ਹੋਏਗਾ।

ਇਸ ਦੇ ਨਾਲ ਹੀ ਦੱਸ ਦਈਏ ਕਿ ਰਵਾਇਤੀ ਖੇਤੀ ਵਿੱਚ ਪਾਣੀ ਲਾਉਣ ਲਈ, ਕਿਸਾਨਾਂ ਨੂੰ ਅਕਸਰ ਰਾਤੋ ਰਾਤ ਖੇਤਾਂ ਵਿੱਚ ਬੈਠਣਾ ਪੈਂਦਾ ਸੀ ਕਿਉਂਕਿ ਸਰਕਾਰ ਰਾਤ ਨੂੰ ਵਧੇਰੇ ਬਿਜਲੀ ਦੇ ਰਹੀ ਹੈ, ਪਰ ਹੁਣ ਸਿੱਧੀ ਬਿਜਾਈ ਵਿੱਚ ਇਹ ਸਮੱਸਿਆ ਖ਼ਤਮ ਹੋ ਗਈ ਹੈ। ਇਸ ਤਕਨੀਕ ਨੂੰ ਪਿਛਲੇ ਦੋ ਦਹਾਕਿਆਂ ਤੋਂ ਖੇਤੀਬਾੜੀ ਵਿਭਾਗ ਦੇ ਸਾਬਕਾ ਡਿਪਟੀ ਡਾਇਰੈਕਟਰ ਡਾ. ਦਲੇਰ ਸਿੰਘ ਵਲੋਂ ਅੱਗੇ ਵਧਾਇਆ ਗਿਆ, ਪਰ ਉਨ੍ਹਾਂ ਦੇ ਯਤਨਾਂ ਨੂੰ ਖੇਤੀ ਵਿਗਿਆਨੀਆਂ ਦੁਆਰਾ ਕਦੇ ਵੀ ਜ਼ਿਆਦਾ ਮਹੱਤਵ ਨਹੀਂ ਦਿੱਤਾ ਗਿਆ।

ਉਨ੍ਹਾਂ ਦਾ ਕਹਿਣਾ ਹੈ ਜੇ ਉਨ੍ਹਾਂ ਨੇ ਇਹ ਤਕਨੀਕ ਸਾਲ 2000 ਵਿੱਚ ਹੀ ਅਪਣਾ ਲਈ ਹੁੰਦੀ ਤਾਂ ਅੱਜ ਪੰਜਾਬ ਵਿਚ ਹਰ ਖੇਤਰ ਵਿਚ ਹੈਂਡ ਪੰਪ ਚੱਲਣੇ ਸ਼ੁਰੂ ਹੋ ਜਾਂਦੇ। ਉਨ੍ਹਾਂ ਕਿਹਾ ਕਿ ਝੋਨੇ ਕਾਰਨ ਪਾਣੀ ਹੇਠਾਂ ਨਹੀਂ ਜਾ ਰਿਹਾ, ਬਲਕਿ ਕੱਦੂ ਕਰਕੇ ਜ਼ਮੀਨ ਦੇ ਪੋਰਸ ਬੰਦ ਕਰਨ ਨਾਲ ਪਾਣੀ ਦਾ ਰਿਚਾਰਜ ਨਹੀਂ ਹੋ ਰਿਹਾ। ਦਲੇਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਤੁਰੰਤ ਕੱਦੂ ਕਰਕੇ ਝੋਨੇ ਲਾਉਣ ‘ਤੇ ਤੁਰੰਤ ਪਾਬੰਦੀ ਲਾ ਦੇਣੀ ਚਾਹੀਦੀ ਹੈ।

Leave a Reply

Your email address will not be published. Required fields are marked *