ਇਹਨਾਂ ਦਿਨਾਂ ਚ’ ਪੰਜਾਬ ਵਿਚ ਲੱਗਣਗੇ ਬਿਜਲੀ ਦੇ ਲੰਬੇ-ਲੰਬੇ ਕੱਟ,ਹੋ ਜਾਓ ਤਿਆਰ-ਦੇਖੋ ਪੂਰੀ ਖ਼ਬਰ

ਪੰਜਾਬ ਸਰਕਾਰ ਦਾਅਵਾ ਕਰ ਰਹੀ ਹੈ ਕਿ ਅਗਲੇ ਦਿਨਾਂ ਵਿੱਚ ਪੰਜਾਬ ਅੰਦਰ ਬਿਜਲੀ ਸੰਕਟ ਖੜ੍ਹਾ ਹੋ ਰਿਹਾ ਹੈ। ਇਸ ਲਈ ਬਿਜਲੀ ਦੇ ਲੰਬੇ ਕੱਟ ਲੱਗ ਸਕਦੇ ਹਨ। ਸਰਕਾਰ ਇਹ ਦਾਅਵਾ ਕਿਸਾਨ ਅੰਦੋਲਨ ਕਰਕੇ ਕਰ ਰਹੀ ਹੈ। ਸਰਕਾਰ ਦਾ ਕਹਿਣਾ ਹੈ ਕਿ ਰੇਲਾਂ ਰੋਕਣ ਕਰਕੇ ਬਿਜਲੀ ਤਾਪ ਘਰਾਂ ਲਈ ਕੋਲਾ ਨਹੀਂ ਪਹੁੰਚ ਰਿਹਾ। ਇਸ ਲਈ ਬਿਜਲੀ ਸੰਕਟ ਦੇ ਹਾਲਾਤ ਬਣ ਗਏ ਹਨ।

ਇਸ ਬਾਰੇ ਖ਼ੁਰਾਕ ਤੇ ਸਿਵਲ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਦਾਅਵਾ ਕੀਤਾ ਕਿ ਪੰਜਾਬ ਵਿੱਚ ਵੱਡੇ ਬਿਜਲੀ ਦੇ ਕੱਟ ਲੱਗਣਗੇ ਕਿਉਂਕਿ ਥਰਮਲ ਪਲਾਂਟਾਂ ਵਿੱਚ ਚਾਰ-ਪੰਜ ਦਿਨ ਦਾ ਹੀ ਕੋਲਾ ਬਚਿਆ ਹੈ। ਉਨ੍ਹਾਂ ਕਿਹਾ ਕਿ ਜੇ ਕਿਸਾਨਾਂ ਦਾ ਰੇਲ ਰੋਕੋ ਅੰਦੋਲਨ ਨਹੀਂ ਖੁੱਲ੍ਹਦਾ ਤਾਂ ਆਉਣ ਵਾਲੇ ਸਮੇਂ ਵਿੱਚ ਮੁਸ਼ਕਲਾਂ ਵਧਣ ਵਾਲੀਆਂ ਹਨ।

ਉਨ੍ਹਾਂ ਇਹ ਦਾਅਵਾ ਵੀ ਕੀਤਾ ਕਿ ਪੰਜਾਬ ਸਰਕਾਰ ਕੋਲ ਪਲਾਨ ‘ਬੀ’ ਵੀ ਤਿਆਰ ਹੈ। ਆਸ਼ੂ ਨੇ ਕਿਹਾ ਕਿ ਕਿਸਾਨੀ ਮੁੱਦਿਆਂ ’ਤੇ ਕੇਂਦਰ ਦੀ ਬੀਜੇਪੀ ਤੇ ਅਕਾਲੀ ਦਲ ਦਾ ਰਵੱਈਆ ਗ਼ੈਰਸੰਵੇਦਨਸ਼ੀਲ ਹੈ। ਪੰਜਾਬ ਵਿਧਾਨ ਸਭਾ ਦਾ ਇੱਕ ਰੋਜ਼ਾ ਵਿਸ਼ੇਸ਼ ਸੈਸ਼ਨ ਇਨ੍ਹਾਂ ਕਾਲੇ ਕਾਨੂੰਨਾਂ ਦਾ ਪ੍ਰਭਾਵ ਪੰਜਾਬ ਵਿੱਚ ਖ਼ਤਮ ਕਰਨ ਲਈ ਬੁਲਾਇਆ ਜਾ ਰਿਹਾ ਹੈ।

ਉਧਰ, ਕਿਸਾਨਾਂ ਨੇ ਸਰਕਾਰ ਦੇ ਇਨ੍ਹਾਂ ਦਾਅਵਿਆਂ ਨੂੰ ਝੂਠਾ ਕਰਾਰ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਵੇਲੇ ਬਿਜਲੀ ਦਾ ਸਿਸਟਮ ਦੂਜੇ ਰਾਜਾਂ ਨਾਲ ਜੁੜਿਆ ਹੋਇਆ ਹੈ। ਇਸ ਤਹਿਤ ਸਾਰੇ ਮੁੱਖ ਗ੍ਰਿੱਡ ਇੰਟਰ ਸਟੇਟ ਜੁੜੇ ਹੋਏ ਹਨ।

ਜੇਕਰ ਕੋਲੇ ਕਰਕੇ ਤਾਪ ਬਿਜਲੀ ਘਰ ਬੰਦ ਹੋ ਵੀ ਜਾਂਦੇ ਹਨ ਤਾਂ ਬਿਜਲੀ ਦਾ ਕੋਈ ਸੰਕਟ ਖੜ੍ਹਾ ਨਹੀਂ ਹੋ ਸਕਦਾ। ਕਿਸਾਨਾਂ ਦਾ ਕਹਿਣਾ ਹੈ ਕਿ ਉਂਝ ਵੀ ਹੁਣ ਬਿਜਲੀ ਦੀ ਮੰਗ ਕਈ ਗੁਣਾ ਘਟ ਗਈ ਹੈ। ਅਜਿਹੇ ਵਿੱਚ ਸਰਕਾਰ ਕਿਸਾਨ ਅੰਦੋਲਨ ਨੂੰ ਲੀਹੋਂ ਲਾਹੁਣ ਲਈ ਬਿਜਲੀ ਸੰਕਟ ਦੇ ਡਰਾਵੇ ਦੇ ਰਹੀ ਹੈ।

Leave a Reply

Your email address will not be published.