ਪੂਰੇ ਪੰਜਾਬ ਚ’ ਦੇ ਬਿਜਲੀ ਕੱਟ ਲੱਗਣ ਬਾਰੇ ਆਈ ਵੱਡੀ ਖ਼ਬਰ-ਦੇਖੋ ਪੂਰੀ ਖ਼ਬਰ

ਪਿਛਲੇ 16 ਦਿਨਾਂ ਤੋਂ ਪੰਜਾਬ ‘ਚ ਰੇਲਾਂ ਦੇ ਚੱਕੇ ਜਾਮ ਹੋਣ ਦਾ ਅਸਰ ਦਿਖਾਈ ਦੇਣ ਲੱਗਾ ਹੈ। ਸਰਕਾਰੀ ਤੇ ਨਿੱਜੀ ਥਰਮਲ ਪਲਾਂਟਾਂ ਦੇ ਕੋਲੇ ਦੀ ਕਮੀ ਕਾਰਨ ਯੂਨਿਟ ਬੰਦ ਕਰ ਦਿੱਤੇ ਗਏ ਹਨ। ਪੰਜਾਬ ਲਈ ਗਨੀਮਤ ਸਿਰਫ਼ ਏਨੀ ਹੈ ਕਿ ਇਸ ਸਮੇਂ ਸੂਬੇ ‘ਚ ਮੰਗ ਤੇਜ਼ੀ ਨਾਲ ਡਿੱਗੀ ਹੈ। ਮੰਗ ਤੇ ਪੈਦਾਵਾਰ ‘ਚ ਸਿਰਫ਼ 500 ਤੋਂ ਇਕ ਹਜ਼ਾਰ ਮੈਗਾਵਾਟ ਦਾ ਹੀ ਫ਼ਰਕ ਹੈ ਜਿਸ ਨੂੰ ਪੂਰਾ ਕਰਨ ਲਈ ਸਰਕਾਰ ਨੇ ਖੇਤੀ ਨੂੰ ਮਿਲ ਰਹੀ ਬਿਜਲੀ ‘ਤੇ ਕੱਟ ਲਗਾ ਦਿੱਤਾ ਹੈ। ਅੱਜਕੱਲ ਜਦੋਂ ਆਲੂ ਤੇ ਹੋਰਨਾਂ ਸਬਜ਼ੀਆਂ ਦੀ ਬਿਜਾਈ ਜ਼ੋਰਾਂ ‘ਤੇ ਹੈ, ਸਰਕਾਰ ਨੇ ਉਨ੍ਹਾਂ ਨੂੰ ਦਿੱਤੀ ਜਾਣ ਵਾਲੀ ਪੰਜ ਘੰਟੇ ਦੀ ਬਿਜਲੀ ਨੂੰ ਘੱਟ ਕਰ ਕੇ ਦੋ ਘੰਟੇ ਕਰ ਦਿੱਤਾ ਹੈ। ਹਾਲਾਂਕਿ, ਪਾਵਰਕਾਮ ਇਸ ਦੀ ਰਸਮੀ ਪੁਸ਼ਟੀ ਨਹੀਂ ਕਰ ਰਿਹਾ ਕਿ ਕੱਟ ਲਾਏ ਜਾ ਰਹੇ ਹਨ।

ਬੋਰਡ ਦੇ ਚੇਅਰਮੈਨ ਏ ਵੇਣੂਪ੍ਰਸਾਦ ਨੇ ਮੰਨਿਆ ਕਿ ਕੋਲਾ ਨਾ ਮਿਲਣ ਕਾਰਨ ਸੰਕਟ ਵਧ ਰਿਹਾ ਹੈ। ਅਸੀਂ ਪੰਜਾਬ ‘ਚ ਬਲੈਕ ਆਊਟ ਨਹੀਂ ਹੋਣ ਦਿਆਂਗੇ। ਅਸੀਂ ਥਰਮਲ ਪਲਾਂਟਾਂ ਤੋਂ ਇਲਾਵਾ ਨੈਸ਼ਨਲ ਗਰਿੱਡ, ਹਾਈਡ੍ਰੋ ਪਾਵਰ, ਪਰਮਾਣੂ ਊਰਜਾ ਪਲਾਂਟਾਂ ਆਦਿ ਤੋਂ ਵੀ ਬਿਜਲੀ ਮਿਲ ਰਹੀ ਹੈ। ਥਰਮਲ ਪਾਵਰ ਪਲਾਂਟਾਂ ਦੇ ਜ਼ਿਆਦਾਤਰ ਯੂਨਿਟ ਬੰਦ ਹੋਣ ਨਾਲ ਹੁਣ ਪੰਜਾਬ ਦਾ ਪੂਰਾ ਦਾਰੋਮਦਾਰ ਹਾਈਡ੍ਰੋ ਪਾਵਰ ‘ਤੇ ਹੈ। ਪਾਵਰਕਾਮ ਨੈਸ਼ਨਲ ਹਾਈਡਲ ਪਾਵਰ ਕਾਰਪੋਰੇਸ਼ਨ ਦੇ ਵੱਖ-ਵੱਖ ਪ੍ਰਾਜੈਕਟਾਂ ਤੋਂ ਕੁਲ 62 ਲੱਖ ਯੂਨਿਟ ਬਿਜਲੀ ਲੈ ਰਿਹਾ ਹੈ।

ਉੱਥੇ ਨੈਸ਼ਨਲ ਥਰਮਲ ਪਾਵਰ ਕਾਰਪੋਰੇਸ਼ਨ ਦੇ ਵੱਖ-ਵੱਖ ਪ੍ਰਾਜੈਕਟਾਂ ਤੋਂ 114 ਲੱਖ ਯੂਨਿਟ, ਬੀਬੀਐੱਮਬੀ ਤੋਂ 132 ਲੱਖ ਯੂਨਿਟ ਤੇ ਆਪਣੇ ਹਾਈਡ੍ਰੋ ਪਲਾਂਟਾਂ ਤੋਂ 125 ਲੱਖ ਯੂਨਿਟ ਬਿਜਲੀ ਲਈ। ਰਾਜਪੁਰਾ ਥਰਮਲ ਪਲਾਂਟ ਦੇ ਦੋ ਯੂਨਿਟਾਂ ਤੋਂ ਪਾਵਰਕਾਮ ਨੂੰ 158 ਲੱਖ ਯੂਨਿਟ ਮਿਲੇ, ਜਦਕਿ ਤਲਵੰਡੀ ਸਾਬੋ ਤੋਂ 189 ਲੱਖ ਯੂਨਿਟ ਤੇ ਗੋਇੰਦਵਾਲ ਸਾਹਿਬ ਪਲਾਂਟ ਤੋਂ 34 ਲੱਖ ਯੂਨਿਟ ਬਿਜਲੀ ਹਾਸਲ ਕੀਤੀ ਗਈ। ਇਸ ਤਰ੍ਹਾਂ ਸੂਬੇ ‘ਚ ਕਰੀਬ 1255 ਲੱਖ ਯੂਨਿਟ ਬਿਜਲੀ ਸਪਲਾਈ ਕੀਤੀ ਗਈ। ਜਦਕਿ ਅੱਜ ਦੀ ਮੰਗ 1553 ਲੱਖ ਯੂਨਿਟ ਸੀ। ਦੱਸਣਯੋਗ ਹੈ ਕਿ 15 ਅਕਤੂਬਰ ਤੋਂ ਸਕੂਲ ਤੇ ਕਾਲਜ ਤੇ ਸਿਨੇਮਾ ਹਾਲ ਆਦਿ ਦੇ ਖੁੱਲ੍ਹਣ ਨਾਲ ਨਿਸ਼ਚਿਤ ਤੌਰ ‘ਤੇ ਬਿਜਲੀ ਦੀ ਮੰਗ ਵਧੇਗੀ।

ਉੱਧਰ, ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਦੋਸ਼ ਲਾਇਆ ਕਿ ਕਿਸਾਨਾਂ ਨੂੰ ਅੱਜ ਸਿਰਫ਼ ਦੋ ਘੰਟੇ ਬਿਜਲੀ ਦਿੱਤੀ ਗਈ। ਸਾਡੇ ਘਰੇਲੂ ਸੈਕਟਰ ‘ਤੇ ਕੱਟ ਲਾਇਆ ਗਿਆ ਹੈ। ਸਾਫ਼ ਹੈ ਕਿ ਸਰਕਾਰ ਸਾਡੇ ‘ਤੇ ਦਬਾਅ ਬਣਾ ਰਹੀ ਹੈ ਤਾਂ ਜੋ ਲੋਕ ਸਾਡੇ ਪਿੱਛੇ ਪੈਣ ਕਿ ਸਾਡੇ ਧਰਨਿਆਂ ਕਾਰਨ ਕੋਲਾ ਨਹੀਂ ਆ ਰਿਹਾ। ਰਾਜੇਵਾਲ ਨੇ ਕਿਹਾ ਕਿ ਕਿਸਾਨ ਬੇਵਕੂਫ਼ ਨਹੀਂ ਹਨ। ਉਹ ਜਾਣਦੇ ਹਨ ਕਿ ਇਕ ਵੀ ਥਰਮਲ ਪਲਾਂਟ ਨਾ ਚੱਲੇ ਤਾਂ ਵੀ ਨੈਸ਼ਨਲ ਗਰਿੱਡ ਤੋਂ ਪੂਰੀ ਬਿਜਲੀ ਆ ਸਕਦੀ ਹੈ।

ਕਿਸਾਨਾਂ ਨੇ ਅੱਜ ਬੁਲਾਈ ਮੀਟਿੰਗ – ਇਸ ਸਾਰੀ ਸਥਿਤੀ ‘ਤੇ ਨਵੇਂ ਸਿਰੇ ਤੋਂ ਵਿਚਾਰ ਕਰਨ ਲਈ ਅੱਜ 13 ਕਿਸਾਨ ਸੰਗਠਨਾਂ ਦੀ ਬਰਨਾਲਾ ‘ਚ ਮੀਟਿੰਗ ਹੋਵੇਗੀ। ਇਸ ਵਿਚ ਖੱਬੇ-ਪੱਖੀ ਸੰਗਠਨ ਸ਼ਾਮਲ ਨਹੀਂ ਹੋਣਗੇ। ਇਹ ਮੀਟਿੰਗ ਲਗਾਤਾਰ ਦੋ ਦਿਨ ਚੱਲੇਗੀ। ਦੂਜੇ ਦਿਨ ਖੱਬੇ-ਪੱਖੀ ਸੰਗਠਨਾਂ ਨੂੰ ਨਾਲ ਲੈ ਕੇ 30 ਸੰਗਠਨਾਂ ਦੀ ਮੀਟਿੰਗ ਹੋਵੇਗੀ ਜਿਸ ਵਿਚ ਝੋਨੇ ਦੀ ਕਟਾਈ ਤੇ ਕਣਕ ਦੀ ਬਿਜਾਈ ਨੂੰ ਮੁੱਖ ਰੱਖਦੇ ਹੋਏ ਨਵੇਂ ਸਿਰੇ ਤੋਂ ਰਣਨੀਤੀ ਤਿਆਰ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਕਿਸਾਨ ਸੰਗਠਨਾਂ ‘ਚ ਵੀ ਇਹ ਚਰਚਾ ਹੋਣ ਲੱਗੀ ਹੈ ਕਿ ਹੁਣ ਰੇਲਵੇ ਟ੍ਰੈਕ ਨੂੰ ਖੋਲ੍ਹ ਦਿੱਤਾ ਜਾਵੇ ਕਿਉਂਕਿ ਇਸ ਦਾ ਨੁਕਸਾਨ ਹੁਣ ਕਿਸਾਨਾਂ ਨੂੰ ਵੀ ਹੋਣ ਲੱਗਾ ਹੈ। ਕਿਸਾਨਾਂ ਦੀ ਦੋ ਦਿਨਾਂ ਤਕ ਚੱਲਣ ਵਾਲੀ ਮੀਟਿੰਗ ‘ਚ ਕਈ ਚੀਜ਼ਾਂ ਤੈਅ ਹੋਣੀਆਂ ਨਿਸ਼ਚਿਤ ਹਨ।

Leave a Reply

Your email address will not be published.