ਖੇਤੀ ਆਰਡੀਨੈਂਸ ਨਾਲ ਵੱਡੇ ਕਿਸਾਨਾਂ ਨਾਲੋਂ ਛੋਟੇ ਕਿਸਾਨਾਂ ਨੂੰ ਹੋਵੇਗਾ ਜ਼ਿਆਦਾ ਨੁਕਸਾਨ, ਜਾਣੋ ਕਿਵੇਂ

ਕੇਂਦਰ ਸਰਕਾਰ ਵੱਲੋਂ ਕੱਲ੍ਹ ਪਾਸ ਕੀਤੇ ਗਏ ਨਵੇਂ ਖੇਤੀ ਆਰਡੀਨੈਂਸਾਂ ਨਾਲ ਵੱਡੇ ਕਿਸਾਨਾਂ ਨਾਲੋਂ ਛੋਟੇ ਕਿਸਾਨਾਂ ਨੂੰ ਜਿਆਦਾ ਨੁਕਸਾਨ ਹੋਣ ਵਾਲਾ ਹੈ।ਇਸ ਪਿੱਛੇ ਕਈ ਕਾਰਨ ਹਨ ਜੋ ਅੱਜ ਅਸੀਂ ਤੁਹਾਨੂੰ ਦੱਸਾਂਗੇ।ਸਭਤੋਂ ਪਹਿਲਾਂ ਤੁਸੀਂ ਜਾਣਦੇ ਹੀ ਹੋ ਕਿ ਸਰਕਾਰ ਫ਼ਸਲਾਂ ਦਾ ਘੱਟੋ ਘੱਟ ਸਮਰਥਨ ਮੁਲ (MSP) ਇਸ ਲਈ ਤੈਅ ਕਰਦੀ ਹੈ ਤਾਕਿ ਜੇਕਰ ਦੇਸ਼ ਵਿਚ ਕਿਸੇ ਫ਼ਸਲ ਦਾ ਲੋੜ ਨਾਲੋਂ ਜ਼ਿਆਦਾ ਉਤਪਾਦਨ ਹੋ ਜਾਵੇ ਤਾਂ ਉਹ ਮੰਡੀਆਂ ਜਾਂ ਕਿਸਾਨਾਂ ਦੇ ਘਰਾਂ ਵਿਚ ਰੁਲੇ ਨਾ।

ਯਾਨੀ ਕਿ MSP ਤੈਅ ਹੋ ਤੋਂ ਬਾਅਦ ਸਰਕਾਰ ਦੀ ਉਸ ਫ਼ਸਲ ਨੂੰ ਖ਼ਰੀਦਣ ਦੀ ਗਾਰੰਟੀ ਅਤੇ ਜ਼ਿੰਮੇਵਾਰੀ ਬਣ ਜਾਂਦੀ ਹੈ। ਪਰ ਹੁਣ ਕਿਸਾਨਾਂ ਦੀਆਂ 23 ਫ਼ਸਲਾਂ ਤੇ ਐਲਾਨੀ ਜਾਣ ਵਾਲੀ MSP ਖ਼ਤਮ ਕੀਤੇ ਜਾਣ ਨਾਲ ਆਉਣ ਵਾਲੇ ਸਮੇਂ ਵਿੱਚ ਕਿਸਾਨਾਂ ਨੂੰ ਮਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਕੇਂਦਰ ਵੱਲੋਂ ਜਾਰੀ ਪਹਿਲੇ ਆਰਡੀਨੈਂਸ ਦੇ ਅਨੁਸਾਰ ਹੁਣ ਕਿਸਾਨਾਂ ਨੂੰ ਆਪਣੀ ਫ਼ਸਲ ਮੰਡੀਆਂ ਵਿਚ ਲੈ ਕੇ ਜਾਣ ਦੀ ਲੋੜ ਨਹੀਂ।ਕਿਸਾਨ ਨੂੰ ਇਹ ਖੁੱਲ੍ਹ ਦੇ ਦਿੱਤੀ ਗਈ ਹੈ ਕਿ ਉਹ ਅਪਣੀ ਫ਼ਸਲ ਨੂੰ ਮੰਡੀ ਤੋਂ ਬਾਹਰੋਂ ਬਾਹਰ ਜਾਂ ਅਪਣੇ ਘਰੋਂ ਵੇਚ ਸਕਦੇ ਹਨ। ਪਹਿਲਾਂ ਕਿਸਾਨ ਦੀ ਫ਼ਸਲ ਦੇ ਮੰਡੀਕਰਨ ਦੌਰਾਨ ਕਿਸਾਨਾਂ ਨਾਲ ਆੜ੍ਹਤੀਆਂ, ਵਪਾਰੀ, ਖ਼ਰੀਦ ਏਜੰਸੀਆਂ, ਮੰਡੀ ਬੋਰਡ ਅਤੇ ਸਰਕਾਰ ਸ਼ਾਮਲ ਹੁੰਦੀ ਸੀ, ਪਰ ਹੁਣ ਨਾ ਹੀ ਕੋਈ ਨਿਗਰਾਨੀ ਵਾਲਾ ਹੋਵੇਗਾ ਅਤੇ ਨਾ ਸ਼ਿਕਾਇਤ ਸੁਣਨ ਵਾਲਾ।

ਵੱਡੇ ਕਿਸਾਨਾਂ ਨਾਲ ਤਾਂ ਕਾਰਪੋਰੇਟ ਘਰਾਣਿਆਂ ਦੇ ਦਲਾਲ ਫ਼ਸਲਾਂ ਦੀ ਖ਼ਰੀਦ ਸਬੰਧੀ ਐਗਰੀਮੈਂਟ ਕਰ ਲੈਣਗੇ ਅਤੇ ਵੱਡੇ ਕਿਸਾਨਾਂ ਨੂੰ ਕੋਈ ਸਮੱਸਿਆ ਨਹੀਂ ਆਵੇਗੀ। ਪਰ ਛੋਟੇ ਅਤੇ ਸੀਮਾਂਤ ਕਿਸਾਨ ਜਿਨ੍ਹਾਂ ਕੋਲ 2 ਏਕੜ ਤੋਂ 10 ਏਕੜ ਤੱਕ ਜ਼ਮੀਨ ਹੈ, ਉਨ੍ਹਾਂ ਨਾਲ ਕਿਹੜਾ ਵਪਾਰੀ ਫ਼ਸਲ ਦੀ ਖ਼ਰੀਦ ਵੇਚ ਲਈ ਐਗਰੀਮੈਂਟ ਕਰੇਗਾ?

ਛੋਟੇ ਕਿਸਾਨਾਂ ਨੂੰ ਇਸਦਾ ਇੱਕ ਵੱਡਾ ਨੁਕਸਾਨ ਇਹ ਵੀ ਹੋਵੇਗਾ ਕਿ ਖੁੱਲ੍ਹੀ ਮੰਡੀ ਦਾ ਵੱਡਾ ਵਪਾਰੀ ਕਿਸਾਨ ਨੂੰ ਪਹਿਲੇ ਇਕ ਦੋ ਸਾਲ ਸਰਕਾਰੀ ਮੰਡੀ ਨਾਲੋਂ ਕੁੱਝ ਰੁਪਏ ਵੱਧ ਦੇ ਕੇ ਫ਼ਸਲ ਖ਼ਰੀਦ ਲਵੇਗਾ। ਪਰ ਭਵਿੱਖ ਵਿੱਚ ਜਦੋਂ ਸਰਕਾਰੀ ਮੰਡੀਆਂ ਸਦਾ ਲਈ ਬੰਦ ਹੋ ਜਾਣਗੀਆਂ ਤਾਂ ਵਪਾਰੀ ਆਪਣੀ ਮਨਮਰਜ਼ੀ ਨਾਲ ਕਿਸਾਨਾਂ ਦੀਆਂ ਫ਼ਸਲਾਂ ਦੇ ਰੇਟ ਲਗਾਉਣਗੇ ਅਤੇ ਕਿਸਾਨਾਂ ਕੋਲ ਹੋਰ ਕੋਈ ਚਾਰ ਨਹੀਂ ਹੋਵੇਗਾ।ਸੂਬੇ ਦੇ ਵੱਡੇ ਕਿਸਾਨ ਤਾਂ ਅਪਣੀ ਫ਼ਸਲ ਬਾਹਰਲੇ ਸੂਬੇ ਜਾਂ ਬਾਹਰਲੇ ਸ਼ਹਿਰ ਵਿਚ ਵੀ ਵੇਚ ਲੈਣਗੇ ਪਰ ਛੋਟੇ ਕਿਸਾਨ ਕਿੱਥੇ ਜਾਣਗੇ? MSP ਨੂੰ ਖ਼ਤਮ ਕਰਨ ਨਾਲ ਛੋਟੀਆਂ ਜ਼ਮੀਨਾਂ ਦੇ ਮਾਲਕਾਂ ਨੂੰ ਬਹੁਤ ਮੁਸ਼ਕਲਾਂ ਪੇਸ਼ ਆਉਣਗੀਆਂ ਜਿਸ ਦੇ ਚਲਦਿਆਂ ਉਨ੍ਹਾਂ ਨੂੰ ਅਪਣੀਆਂ ਜ਼ਮੀਨਾਂ ਵੇਚਣ ਲਈ ਮਜਬੂਰ ਹੋਣਾ ਪਵੇਗਾ।

ਫ਼ਸਲਾਂ ਦੀ ਐਮ.ਐਸ.ਪੀ. ਤੋੜ ਕੇ ਪੰਜਾਬ ਦੀਆਂ ਮੰਡੀਆਂ ਵਿਚ ਆੜ੍ਹਤ ਦਾ ਕੰਮ ਕਰਦੇ ਲੱਖਾਂ ਕਾਰੋਬਾਰੀ, ਮਜ਼ਦੂਰ ਅਤੇ ਪੱਲੇਦਾਰ ਵੀ ਵਿਹਲੇ ਕਰ ਦਿਤੇ ਜਾਣਗੇ ਕਿਉਂਕਿ ਦਾਣਾ ਮੰਡੀਆਂ ਵਿਚ ਉਨ੍ਹਾਂ ਦੀ ਥਾਂ ਫ਼ਸਲਾਂ ਦੀ ਖ਼ਰੀਦ ਕਾਰਪੋਰੇਟ ਘਰਾਣੇ ਕਰਨਗੇ।ਪਰ ਛੋਟੇ ਕਿਸਾਨ ਖਤਮ ਹੋਣ ਤੋਂ ਬਾਅਦ ਅਗਲਾਂ ਨਿਸ਼ਾਨਾ ਵੱਡੇ ਕਿਸਾਨ ਹੋਣਗੇ ਇਸ ਲਈ ਵੱਡੇ ਕਿਸਾਨਾਂ ਨੂੰ ਵੀ ਨਿਸ਼ਚਿੰਤ ਹੋਣ ਦੀ ਲੋੜ ਨਹੀਂ ਹੈ

Leave a Reply

Your email address will not be published. Required fields are marked *