ਜਿਥੇ ਇੱਕ ਪਾਸੇ ਸੂਬੇ ਦੀਆਂ ਕਿਸਾਨ ਜੱਥੇਬੰਦੀਆਂ ਵੱਲੋਂ ਖੇਤੀ ਸਬੰਧੀ ਕੇਂਦਰ ਦੇ 3 ਖੇਤੀ ਅਰਡੀਨੈਂਸਾਂ ਨੂੰ ਲੈ ਕੇ ਪੰਜਾਬ ਭਰ ‘ਚ ਕੀਤੇ ਜਾ ਰਹੇ ਹਨ ਉੱਥੇ ਹੀ ਹੁਣ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਵੱਲੋਂ ਇੱਕ ਵੱਡਾ ਐਲਾਨ ਕਰ ਦਿੱਤੋ ਗਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਏਜੰਸੀਆਂ ਘੱਟੋ ਘੱਟ ਸਮਰਥਨ ਮੁੱਲ ‘ਤੇ ਖਰੀਦ ਜਾਰੀ ਰੱਖਣਗੀਆਂ।
ਵਰਚੂਅਲ ਪ੍ਰੈਸ ਕਾਨਫ਼ਰੰਸ ਉਨ੍ਹਾਂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਸ ਸਬੰਧੀ ਕੇਂਦਰ ਤੋਂ ਉਨ੍ਹਾਂ ਨੂੰ ਕੱਲ੍ਹ ਰਾਤ ਇਕ ਚਿੱਠੀ ਮਿਲੀ ਹੈ ਜਿਸ ‘ਚ ਉਨ੍ਹਾਂ ਇਹ ਸਪਸ਼ਟ ਕਰ ਦਿੱਤਾ ਹੈ। ਸੁਖਬੀਰ ਦਾ ਕਹਿਣਾ ਹੈ ਕਿ ਇਸ ਚਿੱਠੀ ‘ਚ ਕੇਂਦਰ ਸਰਕਾਰ ਵੱਲੋਂ ਅਧਿਕਾਰਤ ਤੌਰ ‘ਤੇ ਕਿਸਾਨਾਂ ਨੂੰ ਭਰੋਸਾ ਦਿੱਤਾ ਗਿਆ ਹੈ ਕਿ ਖੇਤੀਬਾੜੀ ਜਿਣਸਾਂ ਦੇ ਮੰਡੀਕਰਣ ਲਈ ਸਰਕਾਰ ਦੇ ਨਵੇਂ ਤਿੰਨ ਆਰਡੀਨੈਂਸਾਂ ਕਾਰਨ ਕਿਸਾਨਾਂ ਦੀ ਫਸਲ ਦੀ ਖਰੀਦ ਉੱਤੇ ਕੋਈ ਅਸਰ ਨਹੀਂ ਪਵੇਗਾ ਅਤੇ ਫਸਲ ਘੱਟੋ ਘੱਟ ਸਮਰਥਨ ਮੁੱਲ ‘ਤੇ ਹੀ ਖਰੀਦੀ ਜਾਵੇਗੀ।
ਉਨ੍ਹਾਂ ਕਿਸਾਨਾਂ ਨੂੰ ਬੇਫਿਕਰ ਰਹਿਣ ਲਈ ਕਿਹਾ ਅਤੇ ਕਿਹਾ ਕਿ ਜੇਕਰ ਫਿਰ ਵੀ ਸੂਬੇ ਦੇ ਕਿਸਾਨਾਂ ਜਾਂ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਆਰਡੀਨੈਂਸ ਵਿਚ ਲਿਖੀ ਕਿਸੇ ਵੀ ਗੱਲ ‘ਤੇ ਸਹਿਮਤੀ ਨਾ ਹੋਵੇ ਤਾਂ ਉਹ ਖੁਦ ਕੇਂਦਰ ਜਾ ਕੇ ਉਸ ਲਾਈਨ ਨੂੰ ਕਟਵਾਉਣ ਲਈ ਵੀ ਤਿਆਰ ਹਨ।
ਉਨ੍ਹਾਂ ਕਿਹਾ ਕਿ ਇਸ ਚਿੱਠੀ ਨੇ ਇਹ ਸਪਸ਼ਟ ਕਰ ਦਿੱਤਾ ਹੈ ਕਿ ਜਦੋਂ ਤੱਕ ਕੇਂਦਰ ਵਿਚ ਭਾਜਪਾ ਦੀ ਸਰਕਾਰ ਹੈ ਉਦੋਂ ਤੱਕ ਕਿਸਾਨਾਂ ਦੀ ਫਸਲ ਐਮ.ਐਸ.ਪੀ ਤੇ ਹੀ ਖਰੀਦੀ ਜਾਵੇਗੀ।
ਸਰਕਾਰ ਵੱਲੋਂ ਫਸਲਾਂ ਐਫ.ਸੀ.ਆਈ ਸਮੇਤ ਹੋਰ ਸਰਕਾਰੀ ਏਜੰਸੀਆਂ ਜ਼ਰੀਏ ਖਰੀਦੀਆਂ ਜਾਣਗੀਆਂ ਅਤੇ ਜਦੋਂ ਇਹ ਆਰਡੀਨੈਂਸ ਸੰਸਦ ਵਿਚ ਲਿਆਂਦਾ ਜਾਵੇਗਾ ਤਾਂ ਜੋ ਕਿਸਾਨਾਂ ਦੇ ਸ਼ੰਕੇ ਦੂਰ ਕਰਨ ਲਈ ਹੋਰ ਸਪਸ਼ਟ ਕਰ ਦਿੱਤਾ ਜਾਵੇਗਾ ਕਿ ਆਰਡੀਨੈਂਸ ਦਾ ਐਮ.ਐਸ.ਪੀ ਨਾਲ ਕੋਈ ਲੈਣਾ ਦੇਣਾ ਹੀ ਨਹੀਂ ਹੈ।