ਇਹਨਾਂ ਲੋਕਾਂ ਦਾ ਸੁਪਨਾ ਸਕਾਰ ਕਰੇਗੀ ਪੰਜਾਬ ਸਰਕਾਰ-ਲੋਕਾਂ ਨੂੰ ਮਿਲੇਗਾ ਸੁੱਖ ਦਾ ਸਾਹ,ਦੇਖੋ ਪੂਰੀ ਖ਼ਬਰ

ਸੂਬੇ ਵਿੱਚ ਸਾਰਿਆਂ ਦੇ ਸਿਰ ‘ਤੇ ਛੱਤ ਮੁਹੱਈਆ ਕਰਵਾਉਣ ਦਾ ਸੁਪਨਾ ਸਾਕਾਰ ਕਰਨ ਦੀ ਦਿਸ਼ਾ ਵਿੱਚ ਕਦਮ ਵਧਾਉਂਦਿਆਂ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਵਿਭਾਗ, ਪੰਜਾਬ ਨੇ ਜ਼ਿਲ੍ਹਾ ਪਟਿਆਲਾ ਵਿੱਚ 176 ਈ.ਡਬਲਿਊ.ਐਸ. ਮਕਾਨਾਂ ਦੀ ਉਸਾਰੀ ਮੁਕੰਮਲ ਕਰ ਲਈ ਹੈ। ਇਹ ਮਕਾਨ ਪੰਜਾਬ ਸ਼ਹਿਰੀ ਆਵਾਸ ਯੋਜਨਾ ਤਹਿਤ ਬੇਘਰੇ ਐਸ.ਸੀ. / ਬੀ.ਸੀ ਪਰਿਵਾਰਾਂ ਨੂੰ ਦਿੱਤੇ ਜਾਣਗੇ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਮੰਤਰੀ ਸ. ਸੁਖਬਿੰਦਰ ਸਿੰਘ ਸਰਕਾਰੀਆ ਨੇ ਦੱਸਿਆ ਕਿ ਪਟਿਆਲਾ ਦੇ ਪਿੰਡ ਹਾਜੀਮਾਜਰਾ ਵਿਖੇ 176 ਈ.ਡਬਲਿਊ.ਐੱਸ. ਮਕਾਨਾਂ ਦਾ ਨਿਰਮਾਣ ਕੀਤਾ ਗਿਆ ਹੈ ਅਤੇ ਜਲਦੀ ਇਹ ਮਕਾਨ ਲਾਭਪਾਤਰੀਆਂ ਨੂੰ ਸੌਂਪ ਦਿੱਤੇ ਜਾਣਗੇ।

ਇਹ ਪ੍ਰਾਜੈਕਟ ਸੰਗਰੂਰ-ਪਟਿਆਲਾ ਹਾਈਵੇ ਅਤੇ ਸਮਾਣਾ ਸੜਕ ਦੇ ਮੁੱਖ ਜੰਕਸ਼ਨ ‘ਤੇ ਸਥਿਤ ਹੈ। ਮੰਤਰੀ ਨੇ ਦੱਸਿਆ ਕਿ ਪਟਿਆਲਾ ਵਿਕਾਸ ਅਥਾਰਟੀ (ਪੀ.ਡੀ.ਏ.) ਨੂੰ 1.69 ਏਕੜ ਰਕਬੇ ਵਿੱਚ 176 (ਜੀ + 3) ਈ.ਡਬਲਿਊ.ਐਸ. ਮਕਾਨ ਬਣਾਉਣ ਦਾ ਕੰਮ ਸੌਂਪਿਆ ਗਿਆ ਸੀ ਅਤੇ ਇਕ ਮਕਾਨ ਦਾ ਕਾਰਪੈਟ ਏਰੀਆ 25.25 ਵਰਗ ਮੀਟਰ ਹੈ। ਉਨ੍ਹਾਂ ਕਿਹਾ ਕਿ ਇਕ ਮਕਾਨ ਦੀ ਉਸਾਰੀ ‘ਤੇ 4.10 ਲੱਖ ਰੁਪਏ ਲਾਗਤ ਆਈ ਹੈ ਅਤੇ ਇਸ ਪ੍ਰਾਜੈਕਟ ਦੀ ਕੁੱਲ ਲਾਗਤ ਤਕਰੀਬਨ 7 ਕਰੋੜ ਰੁਪਏ ਹੈ।

ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਲੋਕਾਂ, ਖ਼ਾਸਕਰ ਸਮਾਜ ਦੇ ਪਛੜੇ ਵਰਗਾਂ ਦੀਆਂ ਬੁਨਿਆਦੀ ਲੋੜਾਂ ਦੀ ਪੂਰਤੀ ਲਈ ਵਚਨਬੱਧ ਹੈ। ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਮੰਤਰੀ ਨੇ ਦੱਸਿਆ ਕਿ ਇਸ ਪ੍ਰਾਜੈਕਟ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨੀਤੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ 124 ਲਾਭਪਾਤਰੀਆਂ ਦੀ ਪਛਾਣ ਕੀਤੀ ਗਈ ਹੈ।

ਪੀਡੀਏ ਜਲਦ ਹੀ 124 ਪਛਾਣ ਕੀਤੇ ਲਾਭਪਾਤਰੀਆਂ ਨੂੰ ਮਕਾਨ ਅਲਾਟ ਕਰੇਗੀ। ਬਾਕੀ ਬਚਦੇ 52 ਮਕਾਨਾਂ ਨੂੰ ਖੁੱਲੀ ਨਿਲਾਮੀ ਵਿੱਚ ਸੇਲ ਕਰਨ ਸਬੰਧੀ ਏਜੰਡੇ ਨੂੰ ਭਾਰਤ ਸਰਕਾਰ ਤੋਂ ਮਨਜ਼ੂਰੀ ਲੈਣ ਵਾਸਤੇ ਸੂਬਾ ਪੱਧਰੀ ਮਨਜ਼ੂਰੀ ਅਤੇ ਨਿਗਰਾਨੀ ਕਮੇਟੀ (ਐਸ.ਐਲ.ਐਸ.ਐਮ.ਸੀ.) ਵੱਲੋਂ ਕੇਂਦਰੀ ਨਿਗਰਾਨੀ ਅਤੇ ਮਨਜ਼ੂਰੀ ਕਮੇਟੀ (ਸੀ.ਐਮ.ਐਸ.ਸੀ.) ਨੂੰ ਸਿਫਾਰਸ਼ ਕੀਤੀ ਗਈ ਹੈ।

Leave a Reply

Your email address will not be published. Required fields are marked *